ਤਾਜਾ ਖਬਰਾਂ
ਮਹਾਨਗਰ ਦੇ ਸੋਢਲ ਇੰਡਸਟਰੀ ਏਰੀਆ ਵਿੱਚ ਸ਼ੁੱਕਰਵਾਰ ਦੀ ਸਵੇਰ ਉਸ ਵੇਲੇ ਇੱਕ ਵੱਡੀ ਤ੍ਰਾਸਦੀ ਹੁੰਦੇ-ਹੁੰਦੇ ਟਲ ਗਈ, ਜਦੋਂ ਮਾਸੂਮ ਵਿਦਿਆਰਥੀਆਂ ਨਾਲ ਭਰੀ ਟਿਪਸ ਸਕੂਲ ਦੀ ਬੱਸ ਹਾਦਸਾਗ੍ਰਸਤ ਹੋ ਕੇ ਇੱਕ ਰਿਹਾਇਸ਼ੀ ਮਕਾਨ ਦੇ ਮੁੱਖ ਦਰਵਾਜ਼ੇ ਨਾਲ ਜਾ ਧੜੰਮ ਹੋਈ। ਰਾਹਤ ਦੀ ਗੱਲ ਇਹ ਰਹੀ ਕਿ ਗੱਡੀ ਵਿੱਚ ਸਵਾਰ ਕਰੀਬ ਦਸ ਬੱਚਿਆਂ ਵਿੱਚੋਂ ਇੱਕ ਨੂੰ ਹੀ ਮਾਮੂਲੀ ਝਰੀਟਾਂ ਆਈਆਂ, ਜਦਕਿ ਬਾਕੀ ਸਾਰੇ ਸੁਰੱਖਿਅਤ ਹਨ। ਹਾਲਾਂਕਿ, ਟੱਕਰ ਇੰਨੀ ਭਿਆਨਕ ਸੀ ਕਿ ਘਰ ਦਾ ਲੋਹੇ ਦਾ ਗੇਟ ਪਰਖੱਚੇ ਉੱਡ ਕੇ ਅੰਦਰ ਜਾ ਡਿੱਗਿਆ ਅਤੇ ਕੰਧਾਂ ਵਿੱਚ ਡੂੰਘੀਆਂ ਤਰੇੜਾਂ ਆ ਗਈਆਂ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਮਾਲਕਣ ਰਾਜਵੰਤ ਕੌਰ ਨੇ ਦੱਸਿਆ ਕਿ ਉਹ ਘਰ ਦੇ ਅੰਦਰ ਆਪਣੇ ਨਿੱਤ ਦੇ ਕੰਮਾਂ ਵਿੱਚ ਮਸਰੂਫ਼ ਸਨ ਕਿ ਅਚਾਨਕ ਬਾਹਰੋਂ ਇਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਸਕੂਲ ਬੱਸ ਉਨ੍ਹਾਂ ਦੇ ਮੁੱਖ ਗੇਟ ਨੂੰ ਤੋੜਦੀ ਹੋਈ ਅੰਦਰ ਵੱਲ ਧੱਸ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਵਿਹੜੇ ਵਿੱਚ ਖੜ੍ਹੀ ਪਰਿਵਾਰਕ ਕਾਰ ਵੀ ਇਸ ਦੀ ਲਪੇਟ ਵਿੱਚ ਆਉਣੋਂ ਮਸਾਂ ਬਚੀ। ਰਾਜਵੰਤ ਕੌਰ ਮੁਤਾਬਕ ਇਸ ਚੌਰਾਹੇ 'ਤੇ ਅਕਸਰ ਤੇਜ਼ ਰਫ਼ਤਾਰ ਵਾਹਨਾਂ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੋੜ 'ਤੇ ਤੁਰੰਤ ਸਪੀਡ ਬ੍ਰੇਕਰ ਬਣਾਏ ਜਾਣ। ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਅਤੇ ਸਕੂਲ ਪ੍ਰਬੰਧਕਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਦੂਜੇ ਪਾਸੇ, ਬੱਸ ਚਾਲਕ ਸ਼ੈਲੀ ਨੇ ਆਪਣੀ ਸਫ਼ਾਈ ਦਿੰਦਿਆਂ ਦੱਸਿਆ ਕਿ ਉਹ ਅੰਡਰਬ੍ਰਿਜ ਵਾਲੇ ਪਾਸਿਓਂ ਆ ਰਿਹਾ ਸੀ। ਚੌਰਾਹੇ 'ਤੇ ਅਚਾਨਕ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਆ ਗਈ। ਸਿੱਧੀ ਟੱਕਰ ਤੋਂ ਬਚਣ ਲਈ ਜਦੋਂ ਉਸ ਨੇ ਬੱਸ ਨੂੰ ਮੋੜਿਆ ਅਤੇ ਪ੍ਰੈਸ਼ਰ ਬ੍ਰੇਕ ਲਗਾਈ, ਤਾਂ ਬੱਸ ਬੇਕਾਬੂ ਹੋ ਕੇ ਗੇਟ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਮੌਕੇ 'ਤੇ ਦੂਜੀ ਬੱਸ ਭੇਜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਸਕੂਲ ਪਹੁੰਚਾਇਆ। ਉੱਥੇ ਹੀ, ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.