ਤਾਜਾ ਖਬਰਾਂ
ਪਾਕਿਸਤਾਨ ਦੇ ਪੇਸ਼ਾਵਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਦੀਰ ਕਲੋਨੀ ਵਿੱਚ ਸਥਿਤ ਇੱਕ ਨਿੱਜੀ ਸਕੂਲ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਮਾਸੂਮ ਬੱਚਿਆਂ ਸਮੇਤ 28 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੁਖਾਂਤ ਵਿੱਚ 20 ਵਿਦਿਆਰਥੀ ਅਤੇ ਇੱਕ ਮਹਿਲਾ ਅਧਿਆਪਕਾ ਵੀ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਪ੍ਰਮੁੱਖ ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ, ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਵਿੱਚੋਂ ਜ਼ਿਆਦਾਤਰ ਦੀ ਉਮਰ 13 ਸਾਲ ਜਾਂ ਇਸ ਤੋਂ ਘੱਟ ਸੀ। ਇਸ ਭਿਆਨਕ ਹਾਦਸੇ ਵਿੱਚ ਕਈ ਹੋਰ ਵਿਦਿਆਰਥੀ ਗੰਭੀਰ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ਉੱਤੇ ਬਚਾਅ ਅਤੇ ਰਾਹਤ ਕਾਰਜ ਪੂਰੀ ਤਰ੍ਹਾਂ ਜਾਰੀ ਹਨ।
ਇਸ ਹਾਦਸੇ ਨੇ ਇੱਕ ਵਾਰ ਫਿਰ ਦੇਸ਼ ਵਿੱਚ ਇਮਾਰਤਾਂ ਦੀ ਸੁਰੱਖਿਆ ਅਤੇ ਉਸਾਰੀ ਦੇ ਮਿਆਰਾਂ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾੜੀ ਉਸਾਰੀ ਸਮੱਗਰੀ ਅਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਾਰਨ ਪਾਕਿਸਤਾਨ ਵਿੱਚ ਸਕੂਲਾਂ ਅਤੇ ਇਮਾਰਤਾਂ ਦੇ ਢਹਿਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।
ਜੁਲਾਈ ਦੇ ਸ਼ੁਰੂ ਵਿੱਚ ਉਮਰਕੋਟ ਨੇੜੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਕੰਧ ਡਿੱਗਣ ਕਾਰਨ 3 ਤੋਂ 13 ਸਾਲ ਦੀਆਂ ਤਿੰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਸੀ।
ਇਸੇ ਤਰ੍ਹਾਂ ਲਾਹੌਰ ਦੇ ਬਾਗਬਾਨਪੁਰਾ ਅਤੇ ਕਾਹਨਾ ਖੇਤਰਾਂ ਵਿੱਚ ਵੀ ਨਿਰਮਾਣ ਅਧੀਨ ਇਮਾਰਤਾਂ ਅਤੇ ਟਿਊਸ਼ਨ ਸੈਂਟਰਾਂ ਦੀਆਂ ਛੱਤਾਂ ਡਿੱਗਣ ਨਾਲ ਕਈ ਬੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਲਾਵਾ, ਡੇਰਾ ਗਾਜ਼ੀ ਖਾਨ ਵਿੱਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ ਜਿਸ ਵਿੱਚ ਕਲਾਸਰੂਮ ਦੀ ਛੱਤ ਡਿੱਗਣ ਕਾਰਨ ਚਾਰ ਬੱਚੇ ਮਾਰੇ ਗਏ ਸਨ।
ਜਾਂਚ ਦਰਮਿਆਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਹਾਦਸੇ ਇਮਾਰਤਾਂ ਦੇ ਗੈਰ-ਕਾਨੂੰਨੀ ਵਿਸਥਾਰ ਅਤੇ ਮਾੜੀ ਸਮੱਗਰੀ ਦੀ ਵਰਤੋਂ ਕਾਰਨ ਵਾਪਰ ਰਹੇ ਹਨ। ਫਿਲਹਾਲ ਪੇਸ਼ਾਵਰ ਪ੍ਰਸ਼ਾਸਨ ਦਾ ਸਾਰਾ ਧਿਆਨ ਮਲਬੇ ਹੇਠੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਜ਼ਖ਼ਮੀਆਂ ਨੂੰ ਵਧੀਆ ਇਲਾਜ ਦੇਣ ਉੱਤੇ ਹੈ।
Get all latest content delivered to your email a few times a month.