IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਕੱਪੜਾ ਵਪਾਰੀ 'ਤੇ ਗੋਲੀਬਾਰੀ ਕਰਨ ਵਾਲੇ...

ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਕੱਪੜਾ ਵਪਾਰੀ 'ਤੇ ਗੋਲੀਬਾਰੀ ਕਰਨ ਵਾਲੇ 4 ਮੁਲਜ਼ਮ 5 ਘੰਟਿਆਂ ਵਿੱਚ ਕਾਬੂ

Admin User - Oct 15, 2026 01:10 PM
IMG

ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕੱਪੜਾ ਵਪਾਰੀ ਵਿਸ਼ਾਲ ਭਾਟੀਆ 'ਤੇ ਫਾਇਰਿੰਗ ਕਰਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਮਹਿਜ਼ ਪੰਜ ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਦਾ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਿਵਾਲਾ ਇਲਾਕੇ ਵਿੱਚ ਕੱਪੜਾ ਵਪਾਰੀ ਵਿਸ਼ਾਲ ਭਾਟੀਆ ਨੂੰ ਨਿਸ਼ਾਨਾ ਬਣਾ ਕੇ ਪੈਸਿਆਂ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ ਚਲਾਈ ਗਈ ਗੋਲੀ ਵਪਾਰੀ ਦੀ ਲੱਤ ਵਿੱਚ ਜਾ ਵੱਜੀ। ਏ-ਡਿਵੀਜ਼ਨ ਦੀ ਐੱਸਐੱਚਓ ਗੁਰਵਿੰਦਰ ਕੌਰ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਪ੍ਰਿੰਸ ਕੁਮਾਰ ਉਰਫ਼ ਮਾਡਲ, ਗੁਰਪ੍ਰਿੰਸਦੀਪ, ਰਾਹੁਲ ਸਿੰਘ ਅਤੇ ਦਮਨਪ੍ਰੀਤ ਸਿੰਘ ਨੂੰ ਦਬੋਚ ਲਿਆ।


ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਇਨ੍ਹਾਂ ਮੁਲਜ਼ਮਾਂ ਉੱਤੇ ਬੀ-ਡਿਵੀਜ਼ਨ ਖੇਤਰ ਵਿੱਚ ਖੋਹ ਦੀਆਂ ਦੋ ਵਾਰਦਾਤਾਂ ਅਤੇ ਚਾਟੀਵਿੰਡ ਦੇ ਨਿਆਰਾ ਪੈਟਰੋਲ ਪੰਪ 'ਤੇ ਲੁੱਟ ਦੀ ਯੋਜਨਾ ਬਣਾਉਣ ਦੇ ਦੋਸ਼ ਹਨ। ਇਸ ਤੋਂ ਇਲਾਵਾ, ਸਾਹਿਲ ਮੈਡੀਕਲ ਸਟੋਰ 'ਤੇ ਹੋਈ ਝਪਟਮਾਰੀ ਅਤੇ 12 ਤੇ 13 ਅਕਤੂਬਰ ਦੀਆਂ ਵਾਰਦਾਤਾਂ ਨੂੰ ਵੀ ਇਸੇ ਟੀਮ ਨੇ ਟਰੇਸ ਕਰ ਲਿਆ ਹੈ।

ਇੱਕ ਹੋਰ ਮਾਮਲੇ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਪੁਨੀਤ ਅਗਰਵਾਲ ਨੂੰ 50 ਲੱਖ ਰੁਪਏ ਦੀ ਫਿਰੌਤੀ ਲਈ ਧਮਕੀਟ ਭਰੀ ਕਾਲ ਕਰਨ ਵਾਲੇ ਗਿਰੋਹ ਦੇ ਕੜੇ ਨਾਲ ਜੁੜੇ ਯਾਦਵਿੰਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਯਾਦਵਿੰਦਰ ਯੂਕੇ ਵਿੱਚ ਬੈਠੇ ਮੁਲਜ਼ਮ ਯੁਵਰਾਜ ਨੂੰ ਫੋਨ ਨੰਬਰ ਮੁਹੱਈਆ ਕਰਵਾਉਂਦਾ ਸੀ, ਜਿਸ ਤੋਂ ਬਾਅਦ ਵਿਦੇਸ਼ ਤੋਂ ਡੋਨੀ ਬੱਲ ਦਾ ਨਾਂ ਲੈ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪੁਲਿਸ ਨੇ ਵਿਦੇਸ਼ ਬੈਠੇ ਮੁਲਜ਼ਮ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਸਦੀ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


ਦੂਜੇ ਪਾਸੇ, ਪੰਜਾਬ ਬੰਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਲਾਤ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 25 ਤੋਂ ਵੱਧ ਗਜ਼ਟਿਡ ਅਫ਼ਸਰ, ਲਗਭਗ 25 ਐੱਸਐੱਚਓ ਅਤੇ 1500 ਤੋਂ ਵੱਧ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ। ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਵਿਰੁੱਧ ਸਖ਼ਤ ਰੁਖ਼ ਅਪਾਉਂਦਿਆਂ ਪੈਟਰੋਲ ਪੰਪਾਂ ਨੂੰ ਅਜਿਹੇ ਵਾਹਨਾਂ ਵਿੱਚ ਤੇਲ ਨਾ ਪਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਵਿਸ਼ੇਸ਼ ਮੁਹਿੰਮ ਤਹਿਤ ਲਗਭਗ 148 ਦੋਪਹੀਆ ਵਾਹਨ ਜ਼ਬਤ ਕੀਤੇ ਗਏ ਹਨ।

ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਫਿਰੌਤੀ ਲਈ ਕੋਈ ਫੋਨ ਕਾਲ ਆਉਂਦੀ ਹੈ, ਤਾਂ ਘਬਰਾਉਣ ਦੀ ਬਜਾਏ ਤੁਰੰਤ ਸਥਾਨਕ ਪੁਲਿਸ ਜਾਂ 112 ਹੈਲਪਲਾਈਨ ਨੰਬਰ 'ਤੇ ਸੂਚਨਾ ਦਿੱਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.