ਤਾਜਾ ਖਬਰਾਂ
ਤਪਾ ਮੰਡੀ ਦੇ ਇੱਕ ਹੋਟਲ ਵਿੱਚ ਜਸਵੀਰ ਕੌਰ ਦੇ ਕਤਲ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਇਸ ਮਾਮਲੇ ਵਿੱਚ ਮੁਲਜ਼ਮ ਦੱਸੇ ਜਾ ਰਹੇ ਅਮਨਦੀਪ ਸਿੰਘ ਦੀ ਲਾਸ਼ ਪਿੰਡ ਕਰਾੜਵਾਲਾ ਦੇ ਖੇਤਾਂ ਵਿੱਚੋਂ ਬਰਾਮਦ ਹੋਈ। 35 ਸਾਲਾ ਅਮਨਦੀਪ ਸਿੰਘ ਦੀ ਲਾਸ਼ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ਨੇੜੇ ਇੱਕ ਕਿਸਾਨ ਦੀ ਖੇਤਾਂ ਵਿੱਚ ਸਥਿਤ ਮੋਟਰ ਤੋਂ ਮਿਲੀ। ਮੌਕੇ ਤੋਂ ਜ਼ਹਿਰੀਲੇ ਪਦਾਰਥ ਦੀ ਪੁੜੀ ਮਿਲਣ ਕਾਰਨ ਇਸ ਨੂੰ ਖਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।
ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਪਿੰਡ ਬਦਰਾ, ਤਹਿਸੀਲ ਤਪਾ ਮੰਡੀ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉਹ ਪਿੰਡ ਦੀ ਇੱਕ ਸੁਸਾਇਟੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ, ਖੇਤ ਮਾਲਕ ਨਾਇਬ ਸਿੰਘ ਪਿਛਲੇ ਚਾਰ ਦਿਨਾਂ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ। ਵਾਪਸ ਪਰਤਣ ਤੋਂ ਬਾਅਦ ਜਦੋਂ ਉਹ ਖੇਤਾਂ ਵਿੱਚ ਸਥਿਤ ਆਪਣੀ ਮੋਟਰ ’ਤੇ ਪਹੁੰਚਿਆ ਤਾਂ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਦੇ ਨੇੜਿਓਂ ਜ਼ਹਿਰੀਲੀ ਚੀਜ਼ ਦੀ ਪੁੜੀ ਅਤੇ ਚਾਬੀਆਂ ਦਾ ਗੁੱਛਾ ਮਿਲਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਸੂਚਨਾ ਮਿਲਣ ’ਤੇ ਥਾਣਾ ਰਾਮਪੁਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ। ਬਾਅਦ ਵਿੱਚ ਤਪਾ ਮੰਡੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ। ਰਾਮਪੁਰਾ ਦੇ ਐਸਐਚਓ ਬਲਜੀਤ ਸਿੰਘ ਮੁਤਾਬਕ, ਮੁੱਢਲੀ ਜਾਂਚ ਦੌਰਾਨ ਜ਼ਹਿਰੀਲਾ ਪਦਾਰਥ ਖਾਣ ਦਾ ਖ਼ਦਸ਼ਾ ਹੈ, ਪਰ ਮੌਤ ਦੇ ਕਾਰਨਾਂ ਬਾਰੇ ਅੰਤਿਮ ਸਿੱਟਾ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਕੱਢਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ’ਤੇ ਦੋ ਦਿਨ ਪਹਿਲਾਂ ਤਪਾ ਮੰਡੀ ਦੇ ਇੱਕ ਹੋਟਲ ਵਿੱਚ ਆਪਣੀ ਜਾਣਕਾਰ ਜਸਵੀਰ ਕੌਰ ਦਾ ਕਤਲ ਕਰਨ ਦਾ ਇਲਜ਼ਾਮ ਸੀ। ਘਟਨਾ ਤੋਂ ਬਾਅਦ ਉਹ ਫਰਾਰ ਦੱਸਿਆ ਜਾ ਰਿਹਾ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਹੁਣ ਉਸ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਘਟਨਾਵਾਂ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਿਤਾ ਪਿਆਰਾ ਸਿੰਘ ਮੌਕੇ ’ਤੇ ਪਹੁੰਚ ਗਏ। ਪੁੱਤਰ ਦੀ ਲਾਸ਼ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਅਮਨਦੀਪ ਆਪਣੇ ਪਿੱਛੇ ਮਾਪੇ, ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ, ਜਿਨ੍ਹਾਂ ਦੀ ਉਮਰ ਕਰੀਬ 7 ਅਤੇ 12 ਸਾਲ ਦੱਸੀ ਜਾ ਰਹੀ ਹੈ।
ਫਿਲਹਾਲ ਪੁਲਿਸ ਵੱਲੋਂ ਅਮਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਅਤੇ ਤਪਾ ਮੰਡੀ ਦੇ ਹੋਟਲ ਵਿੱਚ ਹੋਏ ਕਤਲ ਨਾਲ ਇਸ ਦੇ ਸੰਭਾਵਿਤ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਸਥਿਤੀ ਸਪੱਸ਼ਟ ਹੋ ਸਕੇਗੀ।
Get all latest content delivered to your email a few times a month.