IMG-LOGO
ਹੋਮ ਪੰਜਾਬ: ਬਰਨਾਲਾ 'ਚ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜਾਗਰੂਕਤਾ ਕੈਂਪ,...

ਬਰਨਾਲਾ 'ਚ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜਾਗਰੂਕਤਾ ਕੈਂਪ, ਸਿਹਤ ਜਾਂਚ ਦੇ ਨਾਲ ਸਾਈਬਰ ਠੱਗੀ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ

Admin User - Oct 13, 2026 08:34 PM
IMG

ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਦੇ ਮਾਣ-ਸਤਿਕਾਰ ਅਤੇ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਬਰਨਾਲਾ ਦੇ ਦੇਸ਼ ਭਗਤ ਯਾਦਗਾਰੀ ਪਾਰਕ ਵਿਖੇ ਜ਼ਿਲ੍ਹਾ ਪੱਧਰੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਨਗਰ ਕੌਂਸਲ ਪ੍ਰਧਾਨ ਹਸਨਪ੍ਰੀਤ ਭਾਰਦਵਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ।

ਸਿਹਤ ਸੇਵਾਵਾਂ ਦੇ ਨਾਲ ਸਾਈਬਰ ਸੁਰੱਖਿਆ ਬਾਰੇ ਕੀਤਾ ਜਾਗਰੂਕ

ਸਮਾਗਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਬਜ਼ੁਰਗਾਂ ਨੂੰ ਆਨਲਾਈਨ ਧੋਖਾਧੜੀ, ਓਟੀਪੀ ਫਰਾਡ ਅਤੇ ਸਾਈਬਰ ਠੱਗਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜਾਇਦਾਦ ਨਾਲ ਸਬੰਧਤ ਕਾਨੂੰਨੀ ਹੱਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਦੇ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।

ਬਜ਼ੁਰਗ ਪਰਿਵਾਰ ਦੀ ਅਸਲ ਪੂੰਜੀ ਹਨ: ਮੀਤ ਹੇਅਰ

ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਜ਼ੁਰਗ ਪਰਿਵਾਰ ਦੀ ਸ਼ਾਨ ਅਤੇ ਸਮਾਜ ਦੀ ਮਜ਼ਬੂਤ ਨੀਂਹ ਹੁੰਦੇ ਹਨ। ਨੌਜਵਾਨ ਪੀੜ੍ਹੀ ਨੂੰ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦਾ ਸਤਿਕਾਰ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਖ਼ੁਸ਼ੀ ਅਤੇ ਸੰਤੁਸ਼ਟੀ ਪਰਿਵਾਰਕ ਖ਼ੁਸ਼ਹਾਲੀ ਲਈ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੜਾਅਵਾਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ।

ਬਜ਼ੁਰਗਾਂ ਨੇ ਸਰਕਾਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਸਮਾਗਮ ਵਿੱਚ ਸ਼ਾਮਲ ਹੋਏ ਸੀਨੀਅਰ ਸਿਟੀਜ਼ਨਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬਜ਼ੁਰਗਾਂ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਆਪਸੀ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਸਮਾਜ ਵਿੱਚ ਬਜ਼ੁਰਗਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਉਨ੍ਹਾਂ ਦੀਆਂ ਲੋੜਾਂ ਦਾ ਖ਼ਾਸ ਧਿਆਨ ਰੱਖਣ। ਸਮਾਗਮ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਬਜ਼ੁਰਗਾਂ ਦੀ ਇੱਜ਼ਤ ਕਰਨਾ ਇੱਕ ਸਿਹਤਮੰਦ ਅਤੇ ਸੱਭਿਅਕ ਸਮਾਜ ਦੀ ਪਛਾਣ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.