IMG-LOGO
ਹੋਮ ਪੰਜਾਬ, ਰਾਸ਼ਟਰੀ, ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼; ਪੁਲਿਸ...

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼; ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਕੀਤੀ ਨਾਕਾਮ ਅਤੇ ਖਾਸਾ ਕੈਂਟ ਆਈਈਡੀ ਧਮਾਕੇ ਸਬੰਧੀ ਮਾਮਲੇ...

Admin User - Oct 13, 2026 04:54 PM
IMG

ਚੰਡੀਗੜ੍ਹ/ਅੰਮ੍ਰਿਤਸਰ, 13 ਅਕਤੂਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਆਈਐਸਆਈ-ਸਮਰਥਿਤ ਗੈਰ-ਕਾਨੂੰਨੀ ਹਥਿਆਰ ਅਤੇ ਵਿਸਫੋਟਕ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਅਦਾਰਿਆਂ 'ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਮਈ 2026 ਵਿੱਚ ਆਰਮੀ ਛਾਉਣੀ ਖਾਸਾ ਨੇੜੇ ਹੋਏ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਪੁਲਿਸ ਟੀਮਾਂ ਨੇ ਦੋ ਆਪਸ ਵਿੱਚ ਜੁੜੇ ਮਾਮਲਿਆਂ ਵਿੱਚ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁਲਿਸ ਅਦਾਰਿਆਂ 'ਤੇ ਹਮਲੇ ਦੀ ਸਾਜ਼ਿਸ਼ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਦੀਪ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਨਾ, ਧਰਮਕੋਟ, ਮੋਗਾ; ਸੈਮੂਅਲ ਉਰਫ਼ ਸਾਮੂ ਤੇ ਸੰਦੀਪ ਸਿੰਘ ਉਰਫ਼ ਟਿੱਡੀ ਦੋਵੇਂ ਵਾਸੀ ਮੇਨੇਵਾਲਾ, ਮੋਗਾ ਵਜੋਂ ਕੀਤੀ ਗਈ ਹੈ। ਖਾਸਾ ਛਾਉਣੀ ਵਿਖੇ ਆਈਈਡੀ ਧਮਾਕੇ ਨੂੰ ਅੰਜ਼ਾਮ ਦੇਣ ਲਈ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਾਰਕੁਨਾਂ ਦੀ ਪਛਾਣ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਤਿੰਨੋਂ ਵਾਸੀ ਪੁਰਾਣੀ ਦਾਣਾ ਮੰਡੀ, ਅਟਾਰੀ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਮਾਡਿਊਲ ਦੇ ਵਿਦੇਸ਼ੀ ਤਸਕਰਾਂ ਅਤੇ ਆਈਐਸਆਈ ਦੇ ਕਾਰਕੁਨਾਂ ਨਾਲ ਕਥਿਤ ਸਬੰਧ ਸਾਹਮਣੇ ਆਏ ਹਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਹੱਦ ਪਾਰਲੇ ਹੈਂਡਲਰਾਂ ਦੇ ਗੁਰਗਿਆਂ ਵੱਲੋਂ ਪੁਲਿਸ ਅਦਾਰਿਆਂ 'ਤੇ ਹਮਲਾ ਕਰਕੇ ਅਮਨ-ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚਣ ਸਬੰਧੀ ਕੇਂਦਰੀ ਏਜੰਸੀਆਂ ਤੋਂ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ ਅਤੇ ਨਵਦੀਪ ਸਿੰਘ ਨੂੰ ਉਸਦੇ ਸਾਥੀਆਂ ਸੈਮੂਅਲ ਉਰਫ਼ ਸਾਮੂ ਅਤੇ ਸੰਦੀਪ ਸਿੰਘ ਉਰਫ਼ ਟਿੱਡੀ ਸਮੇਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ ਅਤੇ ਇੱਕ 9ਐਮਐਮ ਪਿਸਤੌਲ ਸਮੇਤ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ।

ਇਸ ਸਬੰਧੀ, ਥਾਣਾ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਿਤੀ 11.10.2026 ਨੂੰ ਐਫਆਈਆਰ ਨੰਬਰ 441 ਦਰਜ ਕੀਤੀ ਗਈ ਹੈ।

ਆਈਜੀਪੀ ਨੇ ਅੱਗੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ 5 ਮਈ 2026 ਦੀ ਰਾਤ ਨੂੰ ਕਰੀਬ 11 ਵਜੇ ਕੈਂਟ ਖਾਸਾ ਸਥਿਤ ਬ੍ਰਿਗੇਡ ਸਕਿਓਰਿਟੀ ਦੀ ਕੰਧ ‘ਤੇ ਹੋਏ ਆਈਈਡੀ ਧਮਾਕੇ ਦੇ ਮਾਮਲੇ ਦੀ ਗੁੱਥੀ ਵੀ ਸੁਲਝਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਅਣਸੁਲਝੇ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਲਈ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ, ਜਿਸ ਵਿੱਚ ਐਸਪੀ (ਜਾਂਚ) ਰਮਨਦੀਪ ਸਿੰਘ, ਐਸਪੀ ਆਪਰੇਸ਼ਨਜ਼ ਗਗਨਦੀਪ ਸਿੰਘ, ਡੀਐਸਪੀ ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਸ਼ਾਮਲ ਸਨ।

ਐਸਐਸਪੀ ਕੰਵਲਪ੍ਰੀਤ ਚਾਹਲ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਮਨਮੀਤ ਸਿੰਘ ਅਤੇ ਘਰਿੰਡਾ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਬਾਰੀਕੀ ਨਾਲ ਕੀਤੀ ਜਾਂਚ ਅਤੇ ਤਕਨੀਕੀ ਢੰਗ ਨਾਲ ਕੀਤੀ ਟਰੈਕਿੰਗ ਸਦਕਾ ਮੁਲਜ਼ਮ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ ਗਿਆ ਹੈ।

ਇਸ ਸਬੰਧ ਵਿੱਚ, ਥਾਣਾ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 13 ਤਹਿਤ ਮਿਤੀ 06.05.2026 ਨੂੰ ਐਫਆਈਆਰ ਨੰਬਰ 174 ਪਹਿਲਾਂ ਹੀ ਦਰਜ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.