ਤਾਜਾ ਖਬਰਾਂ
ਜਾਣਕਾਰੀ ਅਨੁਸਾਰ, ਖੇਤ ਦੇ ਮਾਲਕ ਕਿਸਾਨ ਨਾਇਬ ਸਿੰਘ ਨੇ ਮੋਟਰ 'ਤੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ। ਉਹ ਪਿਛਲੇ ਚਾਰ ਦਿਨਾਂ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ ਅਤੇ ਵਾਪਸ ਆਉਣ 'ਤੇ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਲਾਸ਼ ਕੋਲ ਇੱਕ ਸ਼ੱਕੀ ਪੁੜੀ ਅਤੇ ਚਾਬੀਆਂ ਦਾ ਗੁੱਛਾ ਵੀ ਮਿਲਿਆ।
ਪੁਲਿਸ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ 35 ਸਾਲਾ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਪਿੰਡ ਬਦਰਾ, ਤਹਿਸੀਲ ਤਪਾ ਮੰਡੀ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ 'ਤੇ ਦੋ ਦਿਨ ਪਹਿਲਾਂ ਤਪਾ ਮੰਡੀ ਦੇ ਇੱਕ ਹੋਟਲ ਵਿੱਚ ਆਪਣੀ ਜਾਣਕਾਰ ਔਰਤ ਜਸਵੀਰ ਕੌਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਉਸ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀਆਂ ਵੱਖ-ਵੱਖ ਕੜੀਆਂ ਦੀ ਜਾਂਚ ਕਰ ਰਹੀ ਹੈ।
ਥਾਣਾ ਰਾਮਪੁਰਾ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੰਚਾਇਤ ਤੋਂ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ। ਮੁੱਢਲੀ ਜਾਂਚ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋ ਸਕਦੀ ਹੈ, ਪਰ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਮੈਡੀਕਲ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਮਾਮਲੇ ਦੀ ਜਾਂਚ ਲਈ ਤਪਾ ਮੰਡੀ ਪੁਲਿਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ।
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਪਿੰਡ ਦੀ ਸੁਸਾਇਟੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਆਪਣੇ ਪਿੱਛੇ ਮਾਪੇ, ਪਤਨੀ ਅਤੇ 7 ਤੇ 12 ਸਾਲ ਦੇ ਦੋ ਪੁੱਤਰ ਛੱਡ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.