ਤਾਜਾ ਖਬਰਾਂ
ਲੁਧਿਆਣਾ ਵਿੱਚ 14 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਅਤੇ ਬਾਅਦ ਵਿੱਚ ਉਸ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ 30 ਸਾਲਾ ਭਾਵੇਸ਼ ਕੁਮਾਰ ਖ਼ਿਲਾਫ਼ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 65(1) ਅਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਨਾਬਾਲਗ ਲੜਕੀ ਦੀ ਭਾਵੇਸ਼ ਕੁਮਾਰ ਨਾਲ ਕਰੀਬ 4 ਤੋਂ 5 ਮਹੀਨੇ ਪਹਿਲਾਂ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਫ਼ੋਨ ’ਤੇ ਗੱਲਬਾਤ ਹੋਣ ਲੱਗ ਪਈ। ਦੋਸ਼ ਹੈ ਕਿ 28 ਸਤੰਬਰ ਦੀ ਰਾਤ ਨੂੰ ਜਦੋਂ ਲੜਕੀ ਦੀ ਮਾਂ ਕੰਮ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਗਈ ਹੋਈ ਸੀ, ਤਾਂ ਮੁਲਜ਼ਮ ਨੇ ਲੜਕੀ ’ਤੇ ਮਿਲਣ ਲਈ ਦਬਾਅ ਪਾਇਆ। ਇਸ ਦੌਰਾਨ ਉਹ ਘਰ ਪਹੁੰਚਿਆ ਅਤੇ ਕਥਿਤ ਤੌਰ ’ਤੇ ਲੜਕੀ ਨਾਲ ਜਬਰ-ਜਨਾਹ ਕੀਤਾ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਨਾਬਾਲਗ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਨ ਲੱਗ ਪਿਆ ਅਤੇ ਉਸ ਨੂੰ ਡਰਾ-ਧਮਕਾ ਕੇ ਵਾਰ-ਵਾਰ ਮਿਲਣ ਲਈ ਦਬਾਅ ਪਾਉਂਦਾ ਰਿਹਾ। ਲੜਕੀ ਦੇ ਪਿਛਲੇ ਕੁਝ ਦਿਨਾਂ ਤੋਂ ਡਰੇ ਹੋਏ ਰਹਿਣ ਕਾਰਨ ਉਸ ਦੀ ਮਾਂ ਨੂੰ ਸ਼ੱਕ ਹੋਇਆ। ਜਦੋਂ ਮਾਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ।
ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.