ਤਾਜਾ ਖਬਰਾਂ
ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ। ਪਾਰਟੀ ਅੰਦਰੂਨੀ ਮਤਭੇਦ ਸੁਲਝਾਉਣ ਅਤੇ ਸੰਗਠਨ ਵਿੱਚ ਨਵੀਂ ਰੂਹ ਫੂਕਣ ਲਈ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਉੱਚ-ਪੱਧਰੀ ਬੈਠਕ ਬੁਲਾਈ ਗਈ, ਜਿਸ ਦੀ ਅਗਵਾਈ ਸੂਬਾ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕੀਤੀ।
ਇਸ ਅਹਿਮ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵੱਖ-ਵੱਖ ਹਲਕਿਆਂ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸੂਬੇ ਦੀ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਚੋਣ ਰਣਨੀਤੀ ਬਣਾਉਣ ਲਈ ਡੂੰਘੀ ਚਰਚਾ ਹੋਈ।
ਮੀਟਿੰਗ ਦਾ ਇੱਕ ਮੁੱਖ ਮੁੱਦਾ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦਾ ਸੰਭਾਵੀ ਪੰਜਾਬ ਦੌਰਾ ਰਿਹਾ। ਹਾਲਾਂਕਿ ਇਸ ਦੌਰੇ ਦੀਆਂ ਅਧਿਕਾਰਤ ਤਾਰੀਖ਼ਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ, ਪਰ ਹਾਈਕਮਾਂਡ ਵੱਲੋਂ ਸੂਬਾ ਇਕਾਈ ਨੂੰ ਹੁਣ ਤੋਂ ਹੀ ਪੂਰੀ ਤਰ੍ਹਾਂ ਸਰਗਰਮ ਹੋਣ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪਾਰਟੀ ਲੀਡਰਸ਼ਿਪ ਨੇ ਜ਼ਿਲ੍ਹਾ ਪੱਧਰੀ ਨੇਤਾਵਾਂ ਤੋਂ ਜ਼ਮੀਨੀ ਹਕੀਕਤਾਂ ਅਤੇ ਵਰਕਰਾਂ ਦੇ ਮੂਡ ਬਾਰੇ ਜਾਣਕਾਰੀ ਲਈ। ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ, ਆਮ ਲੋਕਾਂ ਨਾਲ ਤਾਲਮੇਲ ਵਧਾਉਣ ਅਤੇ ਪਾਰਟੀ ਵਰਕਰਾਂ ਨੂੰ ਮੁੜ ਸਰਗਰਮ ਕਰਨ ਲਈ ਕਈ ਅਹਿਮ ਸੁਝਾਅ ਪ੍ਰਾਪਤ ਕੀਤੇ ਗਏ।
ਮੀਟਿੰਗ ਦੌਰਾਨ ਸਭ ਤੋਂ ਵੱਧ ਜ਼ੋਰ ਪਾਰਟੀ ਦੀ ਅੰਦਰੂਨੀ ਏਕਤਾ 'ਤੇ ਦਿੱਤਾ ਗਿਆ। ਸਚਿਨ ਪਾਇਲਟ ਅਤੇ ਪਰਗਟ ਸਿੰਘ ਨੇ ਸਾਰੇ ਆਗੂਆਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਚੋਣ ਮੈਦਾਨ ਵਿੱਚ ਨਿੱਤਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ 2027 ਦੀ ਵਾਪਸੀ ਲਈ ਸਾਰਿਆਂ ਦਾ ਇੱਕ ਸੁਰ ਹੋਣਾ ਅਤੇ ਜਨਤਾ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਬੇਹੱਦ ਜ਼ਰੂਰੀ ਹੈ।
ਆਮ ਬੈਠਕ ਤੋਂ ਬਾਅਦ ਸਚਿਨ ਪਾਇਲਟ ਅਤੇ ਪਰਗਟ ਸਿੰਘ ਵਿਚਕਾਰ ਕਰੀਬ 25 ਮਿੰਟ ਤੱਕ ਬੰਦ ਕਮਰਾ ਗੱਲਬਾਤ ਵੀ ਹੋਈ। ਸੂਤਰਾਂ ਅਨੁਸਾਰ, ਇਸ ਵੱਖਰੀ ਮੀਟਿੰਗ ਵਿੱਚ ਛੋਟੇ-ਵੱਡੇ ਸਭ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਯੋਜਨਾ ਅਤੇ ਪਾਰਟੀ ਦੇ ਭਵਿੱਖੀ ਰੋਡਮੈਪ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
Get all latest content delivered to your email a few times a month.