ਤਾਜਾ ਖਬਰਾਂ
ਦਿੱਲੀ ਮੈਟਰੋ ਦੇ ਅੰਦਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੀਟ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਸੀਟ ਖਾਲੀ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁੱਟਮਾਰ ਤੋਂ ਬਾਅਦ 48 ਸਾਲਾ ਪਵਨ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਅਤੇ ਉਸਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦਿਲ ਕੰਬਾਊ ਘਟਨਾ 8 ਅਕਤੂਬਰ ਦੀ ਹੈ। ਪਵਨ ਸ਼ਰਮਾ ਆਪਣੀ ਬਜ਼ੁਰਗ ਮਾਂ ਦੁਰਗਾ ਸ਼ਰਮਾ ਨਾਲ ਗੁਰੂਗ੍ਰਾਮ ਤੋਂ ਆਪਣੇ ਘਰ ਯਮੁਨਾ ਵਿਹਾਰ, ਦਿੱਲੀ ਪਰਤ ਰਹੇ ਸਨ। ਉਹ ਗੁਰੂਗ੍ਰਾਮ ਵਿੱਚ ਆਪਣੇ ਬਿਮਾਰ ਛੋਟੇ ਪੁੱਤਰ ਦੀਪਕ ਨੂੰ ਮਿਲਣ ਗਏ ਸਨ। ਮੰਡੀ ਹਾਊਸ ਮੈਟਰੋ ਸਟੇਸ਼ਨ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਪ੍ਰਤਾਪ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਸਿਧਾਰਥ ਸਿੰਘ ਉਸੇ ਟ੍ਰੇਨ ਵਿੱਚ ਸਵਾਰ ਹੋਏ।
ਵਿਵਾਦ ਦੀ ਸ਼ੁਰੂਆਤ ਬਜ਼ੁਰਗ ਨਾਗਰਿਕਾਂ ਲਈ ਰਾਖਵੀਂ ਸੀਟ ਨੂੰ ਲੈ ਕੇ ਹੋਈ। ਦੋਸ਼ ਹੈ ਕਿ ਪਿਓ-ਪੁੱਤਰ ਦੀ ਜੋੜੀ ਨੇ ਪਵਨ ਅਤੇ ਉਨ੍ਹਾਂ ਦੀ ਮਾਂ ਨੂੰ ਸੀਟ ਖਾਲੀ ਕਰਨ ਲਈ ਕਿਹਾ। ਹਾਲਾਂਕਿ ਪਵਨ ਅਤੇ ਉਨ੍ਹਾਂ ਦੀ ਮਾਂ ਨੇ ਤੁਰੰਤ ਸੀਟ ਖਾਲੀ ਕਰ ਦਿੱਤੀ, ਪਰ ਦੋਸ਼ੀ ਪਿਓ-ਪੁੱਤਰ ਇਸ ਤੋਂ ਬਾਅਦ ਵੀ ਲਗਾਤਾਰ ਅਪਮਾਨਜਨਕ ਟਿੱਪਣੀਆਂ ਕਰਦੇ ਰਹੇ।
ਕੀ
ਪੀੜਤ ਮਾਂ ਦੁਰਗਾ ਸ਼ਰਮਾ ਨੇ ਰੋਂਦਿਆਂ ਹੋਏ ਦੱਸਿਆ ਕਿ ਸੰਜੇ ਪ੍ਰਤਾਪ ਨੇ ਪਵਨ ਦਾ ਕਾਲਰ ਫੜ ਕੇ ਉਸਨੂੰ ਥੱਪੜ ਮਾਰ ਦਿੱਤਾ। ਜਦੋਂ ਪਵਨ ਨੇ ਇਸ ਦਾ ਵਿਰੋਧ ਕੀਤਾ ਤਾਂ ਦੂਜਾ ਦੋਸ਼ੀ (ਪੁੱਤਰ) ਵੀ ਹੱਥੋਪਾਈ ਵਿੱਚ ਸ਼ਾਮਲ ਹੋ ਗਿਆ। ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਧੱਕਾ ਦੇ ਕੇ ਪਿੱਛੇ ਹਟਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹੱਥੋਪਾਈ ਦੌਰਾਨ ਪਵਨ ਦੀ ਛਾਤੀ 'ਤੇ ਮੁੱਕੇ ਮਾਰੇ ਗਏ, ਜਿਸ ਨਾਲ ਉਸਦਾ ਸਾਹ ਘੁਟਣ ਲੱਗਾ ਅਤੇ ਉਹ ਮੈਟਰੋ ਦੇ ਫਰਸ਼ 'ਤੇ ਡਿੱਗ ਪਿਆ।
ਮੈਟਰੋ ਵਿੱਚ ਮੌਜੂਦ ਯਾਤਰੀਆਂ ਨੇ ਪਵਨ ਨੂੰ ਹੋਸ਼ ਵਿੱਚ ਲਿਆਉਣ ਲਈ ਉਸਦੀ ਛਾਤੀ ਦਬਾਈ ਅਤੇ ਪਾਣੀ ਛਿੜਕਿਆ, ਪਰ ਉਹ ਬੇਹੋਸ਼ ਹੀ ਰਹੇ। ਜਦੋਂ ਟ੍ਰੇਨ ਸ਼ਾਮ ਕਰੀਬ 5:47 ਵਜੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਪਹੁੰਚੀ, ਤਾਂ ਉਨ੍ਹਾਂ ਨੂੰ ਤੁਰੰਤ ਲੋਕ ਨਾਇਕ ਜੈ ਪ੍ਰਕਾਸ਼ (ਐੱਲ.ਐੱਨ.ਜੇ.ਪੀ.) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਪਵਨ ਸ਼ਰਮਾ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਕਲਰਕ ਵਜੋਂ ਨੌਕਰੀ ਕਰਦਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ 19 ਸਾਲਾ ਪੁੱਤਰ (ਜੋ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ) ਅਤੇ ਇੱਕ 15 ਸਾਲਾ ਧੀ ਹੈ। ਪਰਿਵਾਰ ਨਵੰਬਰ ਵਿੱਚ ਪਵਨ ਦਾ ਜਨਮਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ ਇਸ ਦੁਖਦਾਈ ਹਾਦਸੇ ਨੇ ਸਭ ਕੁਝ ਤਬਾਹ ਕਰ ਦਿੱਤਾ।
ਘਟਨਾ ਤੋਂ ਤੁਰੰਤ ਬਾਅਦ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ 'ਤੇ ਸੁਪਰੀਮ ਕੋਰਟ ਮੈਟਰੋ ਪੁਲਿਸ ਸਟੇਸ਼ਨ ਵਿੱਚ ਐੱਫ਼.ਆਈ.ਆਰ. ਦਰਜ ਕੀਤੀ ਗਈ। ਪੁਲਿਸ ਨੇ ਤਵਰਿਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.