IMG-LOGO
ਹੋਮ ਪੰਜਾਬ: ਪ੍ਰਗਟ ਸਿੰਘ ਦਾ ਕੇਂਦਰ ਅਤੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ:...

ਪ੍ਰਗਟ ਸਿੰਘ ਦਾ ਕੇਂਦਰ ਅਤੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ: “ਤਾਨਾਸ਼ਾਹੀ ਸੋਚ ਲੋਕਤੰਤਰ ਲਈ ਘਾਤਕ, ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫਲਾਪ”

Admin User - Oct 12, 2026 02:03 PM
IMG

ਕਾਂਗਰਸੀ ਆਗੂ ਅਤੇ ਸੂਬੇ ਦੇ ਪ੍ਰਮੁੱਖ ਆਗੂ ਪ੍ਰਗਟ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਿਸਟਮ ਲੋਕਤੰਤਰੀ ਦਾਇਰੇ ਤੋਂ ਨਿਕਲ ਕੇ ਤਾਨਾਸ਼ਾਹੀ ਰਾਹ ਉੱਤੇ ਤੁਰਦਾ ਹੈ, ਤਾਂ ਦੇਸ਼ ਨੂੰ ਇਸਦਾ ਭਾਰੀ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਲੀਡਰ ਰਾਹੁਲ ਗਾਂਧੀ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਬਹਾਲੀ ਲਈ ਡਟ ਕੇ ਲੜਾਈ ਲੜ ਰਹੇ ਹਨ।


ਸੁਪਰੀਮ ਕੋਰਟ ਵੱਲ ਕਾਂਗਰਸ ਦੇ ਮਾਰਚ ਦਾ ਜ਼ਿਕਰ ਕਰਦਿਆਂ ਪ੍ਰਗਟ ਸਿੰਘ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕਰਕੇ ਫੈਸਲੇ ਲਏ ਜਾ ਰਹੇ ਹਨ। ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਪੂਰੀ ਤਰ੍ਹਾਂ ਨਿਰਪੱਖ ਹੋਣਾ ਚਾਹੀਦਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨਾਂ ਨੂੰ ਰੋਕਣ ਦੇ ਯਤਨਾਂ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਹਕੂਮਤਾਂ ਲੋਕਾਂ ਤੋਂ ਘਬਰਾਉਂਦੀਆਂ ਹਨ ਤਾਂ ਉਹ ਪੁਲਿਸ ਨੂੰ ਢਾਲ ਬਣਾ ਲੈਂਦੀਆਂ ਹਨ। ਦਿੱਲੀ ਵਿੱਚ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ, ਇੰਟਰਨੈੱਟ ਸੇਵਾਵਾਂ ਬੰਦ ਕਰਨਾ ਅਤੇ ਰੇਲ ਆਵਾਜਾਈ ਠੱਪ ਕਰਨਾ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਘਿਣਾਉਣੀ ਸਾਜ਼ਿਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਾਂਤਮਈ ਵਿਰੋਧ ਜਤਾਉਣਾ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜੋ ਮਿਲ ਕੇ ਦੇਸ਼ ਅਤੇ ਪੰਜਾਬ ਦੀ ਜੜ੍ਹ ਪੁੱਟ ਰਹੀਆਂ ਹਨ।


ਪੰਜਾਬ ਦੇ ਅੰਦਰੂਨੀ ਹਾਲਾਤਾਂ ‘ਤੇ ਫਿਕਰ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਮੁੱਕ ਚੁੱਕਾ ਹੈ। ਜਦੋਂ ਸੂਬੇ ਦੀ ਪੁਲਿਸ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ, ਤਾਂ ਆਮ ਜਨਤਾ ਦੀ ਰੱਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।

ਕਿਸਾਨਾਂ ਅਤੇ ਮੰਡੀਆਂ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਸਿਰਫ਼ ਜ਼ੁਬਾਨੀ ਦਾਅਵੇ ਕਰ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਮੰਡੀਆਂ ਵਿੱਚ ਫਸਲ ਦੀ ਖਰੀਦ ਅਤੇ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੈ। ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੇ ਕਿਸਾਨ ਹੁਣ ਸਰਕਾਰੀ ਬੇਪ੍ਰਵਾਹੀ ਕਾਰਨ ਸੜਕਾਂ ‘ਤੇ ਰੋਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਭਾਜਪਾ ਦੇ ਉਸ ਏਜੰਡੇ ਦਾ ਹਿੱਸਾ ਹੈ ਜਿਸ ਨਾਲ ਮੰਡੀਆਂ ਨੂੰ ਤਬਾਹ ਕੀਤਾ ਜਾ ਸਕੇ।


ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਖਰਾਬ ਮੌਸਮ ਅਤੇ ਭਾਰੀ ਮੀਂਹ ਦੇ ਬਾਵਜੂਦ ਵਰਕਰਾਂ ਦਾ ਭਾਰੀ ਇਕੱਠ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਪਾਰਟੀ ਅੰਦਰੂਨੀ ਧੜੇਬੰਦੀ ਬਾਰੇ ਪੁੱਛੇ ਗਏ ਸਵਾਲ ‘ਤੇ ਪ੍ਰਗਟ ਸਿੰਘ ਨੇ ਸਾਫ਼ ਕੀਤਾ ਕਿ ਲੋਕਤੰਤਰ ਅੰਦਰ ਵਿਚਾਰਾਂ ਦਾ ਅੰਤਰ ਹੋਣਾ ਆਮ ਗੱਲ ਹੈ, ਪਰ ਇਸ ਸਮੇਂ ਸਮੁੱਚੀ ਪੰਜਾਬ ਕਾਂਗਰਸ ਵਿੱਚ ਪੂਰੀ ਤਰ੍ਹਾਂ ਇਕਜੁੱਟਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.