ਤਾਜਾ ਖਬਰਾਂ
ਜਲੰਧਰ ਦੇ ਕਾਲਾ ਸੰਘਿਆਂ ਰੋਡ ਉੱਤੇ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੀਜੀ ਜਮਾਤ ਦੀ ਇੱਕ 8 ਸਾਲਾ ਮਾਸੂਮ ਵਿਦਿਆਰਥਣ ਨੂੰ ਸਿਰਫ਼ ਵਾਲਾਂ ਦੀ ਸਟָਇਲਿੰਗ ਨਾਲ ਜੁੜੀ ਮਾਮੂਲੀ ਜਿਹੀ ਗੱਲ ਪਿੱਛੇ ਸਕੂਲ ਦੀ ਅਧਿਆਪਕਾ ਵੱਲੋਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਏ ਜਾਣ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਬੱਚੀ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ, ਜਦਕਿ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੀੜਤ ਬੱਚੀ ਦੇ ਪਿਤਾ ਰੋਹਿਤ ਕੁਮਾਰ (ਵਾਸੀ ਦਾਨਿਸ਼ਮੰਦਾਂ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਤਾਨਵੀ ਸਕੂਲ ਦੀ ਹੋਣਹਾਰ ਅਤੇ ਪੜ੍ਹਾਈ ਵਿੱਚ ਅੱਵਲ ਰਹਿਣ ਵਾਲੀ ਵਿਦਿਆਰਥਣ ਹੈ। ਬੀਤੇ ਦਿਨੀਂ ਬੱਚੀ ਦੋ ਗੁੱਤਾਂ (ਪੋਂਨੀ) ਦੀ ਬਜਾਏ ਸਿਰ ਦੀ ਇੱਕੋ ਗੁੱਤ ਬਣਾ ਕੇ ਸਕੂਲ ਚਲੀ ਗਈ ਸੀ। ਇਸ ਮਾਮੂਲੀ ਜਿਹੀ ਗੱਲ ਤੋਂ ਖ਼ਫ਼ਾ ਹੋ ਕੇ ਅਧਿਆਪਕਾ ਨੇ ਕਥਿਤ ਤੌਰ 'ਤੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਦੋਸ਼ਾਂ ਮੁਤਾਬਕ, ਅਧਿਆਪਕਾ ਨੇ ਮਾਸੂਮ ਬੱਚੀ ਦੇ ਹੱਥ ਜ਼ਮੀਨ 'ਤੇ ਰਖਵਾਏ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਬੁਰੀ ਤਰ੍ਹਾਂ ਦਬਾ ਕੇ ਉਸ ਨੂੰ ਉਸੇ ਹਾਲਤ ਵਿੱਚ ਤੁਰਨ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਇਸ ਘਿਨਾਉਣੇ ਕਾਰੇ ਤੋਂ ਬਾਅਦ ਅਧਿਆਪਕਾ ਨੇ ਬੱਚੀ ਨੂੰ ਘਰ ਜਾ ਕੇ ਕਿਸੇ ਅੱਗੇ ਵੀ ਮੂੰਹ ਨਾ ਖੋਲ੍ਹਣ ਦੀ ਸਖ਼ਤ ਧਮਕੀ ਦਿੱਤੀ।
ਘਟਨਾ ਤੋਂ ਬਾਅਦ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀਅ ਰਹੀ ਮਾਸੂਮ ਬੱਚੀ ਪਿਛਲੇ ਦੋ ਦਿਨਾਂ ਤੋਂ ਰਾਤ ਨੂੰ ਸੌਂ ਵੀ ਨਹੀਂ ਸਕੀ। ਆਖ਼ਿਰਕਾਰ, ਦੋ ਦਿਨਾਂ ਬਾਅਦ ਜਦੋਂ ਬੱਚੀ ਨੇ ਰੋਂਦਿਆਂ ਆਪਣੇ ਮਾਪਿਆਂ ਨੂੰ ਪੂਰੀ ਘਟਨਾ ਬਾਰੇ ਦੱਸਿਆ, ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਰੀਰਕ ਅਤੇ ਮਾਨਸਿਕ ਸਦਮੇ ਕਾਰਨ ਬੱਚੀ ਦੀ ਸਿਹਤ ਅਚਾਨਕ ਕਾਫ਼ੀ ਵਿਗੜ ਗਈ, ਜਿਸ ਨੂੰ ਤੁਰੰਤ ਐਮਰਜੈਂਸੀ ਵਿੱਚ ਹਸਪਤਾਲ ਲਿਜਾਇਆ ਗਿਆ।
ਜਦੋਂ ਪੀੜਤ ਪਰਿਵਾਰ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਸਕੂਲ ਪੁੱਜਿਆ ਤਾਂ ਉੱਥੇ ਹਾਲਾਤ ਹੋਰ ਵੀ ਹੈਰਾਨ ਕਰਨ ਵਾਲੇ ਸਨ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਨੇ ਨਾ ਤਾਂ ਉਨ੍ਹਾਂ ਨੂੰ ਦੋਸ਼ੀ ਅਧਿਆਪਕਾ ਨਾਲ ਮਿਲਣ ਦਿੱਤਾ ਅਤੇ ਨਾ ਹੀ ਮੌਕੇ 'ਤੇ ਕੋਈ ਵੀਡੀਓ ਬਣਾਉਣ ਦਿੱਤੀ। ਸਾਹਮਣੇ ਆਇਆ ਹੈ ਕਿ ਇਹ ਸਕੂਲ ਬਿਨਾਂ ਕਿਸੇ ਪੱਕੇ ਪ੍ਰਿੰਸੀਪਲ ਦੇ ਚੱਲ ਰਿਹਾ ਹੈ। ਵਿਰੋਧ ਪ੍ਰਗਟਾਉਣ 'ਤੇ ਸਕੂਲ ਪ੍ਰਬੰਧਕਾਂ ਨੇ ਉਲਟਾ ਬੱਚੀ ਨੂੰ ਹੀ ਝੂਠਾ ਕਰਾਰ ਦੇ ਦਿੱਤਾ ਅਤੇ ਮੁੱਖ ਗੇਟ ਬੰਦ ਕਰਕੇ ਮੀਡੀਆ ਤੇ ਪਰਿਵਾਰ ਤੋਂ ਦੂਰੀ ਬਣਾ ਲਈ।
ਪੀੜਤ ਮਾਪਿਆਂ ਨੇ ਸਬੰਧਤ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਵਾਂ ਦੋਸ਼ੀ ਅਧਿਆਪਕਾਵਾਂ ਵਿਰੁੱਧ ਫ਼ੌਜਦਾਰੀ ਮਾਮਲਾ ਦਰਜ ਕਰਨ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਜ਼ੋਰਦਾਰ ਮੰਗ ਕੀਤੀ ਹੈ।
Get all latest content delivered to your email a few times a month.