ਤਾਜਾ ਖਬਰਾਂ
ਸਤੰਬਰ ਮਹੀਨੇ ਦੌਰਾਨ ਭਾਰਤ ਦੇ ਤਰਲ ਪੈਟਰੋਲੀਅਮ ਗੈਸ ਯਾਨੀ ਐਲ.ਪੀ.ਜੀ. ਬਾਜ਼ਾਰ ਵਿੱਚ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ ਜਿੱਥੇ ਸੰਯੁਕਤ ਅਰਬ ਅਮੀਰਾਤ ਯਾਨੀ ਯੂ.ਏ.ਈ. ਨੇ ਅਮਰੀਕਾ ਨੂੰ ਪਿੱਛੇ ਛੱਡਦਿਆਂ ਭਾਰਤ ਲਈ ਐਲ.ਪੀ.ਜੀ. ਦਾ ਸਭ ਤੋਂ ਵੱਡਾ ਸਪਲਾਇਰ ਹੋਣ ਦਾ ਖ਼ਿਤਾਬ ਮੁੜ ਹਾਸਲ ਕਰ ਲਿਆ ਹੈ। ਅੰਤਰਰਾਸ਼ਟਰੀ ਊਰਜਾ ਬਾਜ਼ਾਰ ਦੇ ਅੰਕੜੇ ਜਾਰੀ ਕਰਨ ਵਾਲੀ ਸੰਸਥਾ ਕੈਪਲਰ ਮੁਤਾਬਕ ਸਤੰਬਰ ਵਿੱਚ ਭਾਰਤ ਦੇ ਕੁੱਲ ਐਲ.ਪੀ.ਜੀ. ਆਯਾਤ ਵਿੱਚ ਸਿਰਫ਼ ਯੂ.ਏ.ਈ. ਦੀ ਹਿੱਸੇਦਾਰੀ 39 ਫੀਸਦੀ ਰਹੀ ਹੈ, ਜੋ ਕਿ ਪਿਛਲੇ ਮਹੀਨੇ ਸਿਰਫ਼ 13 ਫੀਸਦੀ ਸੀ।
ਰਿਪੋਰਟ ਦੇ ਅਨੁਸਾਰ ਯੂ.ਏ.ਈ. ਨੇ ਸਤੰਬਰ ਮਹੀਨੇ ਵਿੱਚ ਭਾਰਤ ਨੂੰ 5 ਲੱਖ 47 ਹਜ਼ਾਰ ਟਨ ਐਲ.ਪੀ.ਜੀ. ਦੀ ਸਪਲਾਈ ਕੀਤੀ ਹੈ ਜਦਕਿ ਅਗਸਤ ਮਹੀਨੇ ਵਿੱਚ ਇਹ ਮਾਤਰਾ ਮਹਿਜ਼ 1 ਲੱਖ 93 ਹਜ਼ਾਰ ਟਨ ਸੀ, ਯਾਨੀ ਮਹੀਨਾਵਾਰ ਆਧਾਰ 'ਤੇ ਇਸ ਵਿੱਚ 182 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਉਲਟ ਪਿਛਲੇ ਛੇ ਮਹੀਨਿਆਂ ਤੋਂ ਭਾਰਤ ਨੂੰ ਸਭ ਤੋਂ ਵੱਧ ਐਲ.ਪੀ.ਜੀ. ਸਪਲਾਈ ਕਰਨ ਵਾਲਾ ਅਮਰੀਕਾ ਹੁਣ ਦੂਜੇ ਨੰਬਰ 'ਤੇ ਖਿਸਕ ਗਿਆ ਹੈ ਅਤੇ ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਅਮਰੀਕਾ ਤੋਂ ਸਪਲਾਈ 58 ਫੀਸਦੀ ਘੱਟ ਕੇ 3 ਲੱਖ 23 ਹਜ਼ਾਰ ਟਨ ਰਹਿ ਗਈ ਹੈ, ਜਿਸ ਨਾਲ ਭਾਰਤੀ ਆਯਾਤ ਵਿੱਚ ਅਮਰੀਕਾ ਦੀ ਹਿੱਸੇਦਾਰੀ ਵੀ 53 ਫੀਸਦੀ ਤੋਂ ਘਟ ਕੇ 23 ਫੀਸਦੀ 'ਤੇ ਆ ਗਈ ਹੈ।
ਜ਼ਿਕਰਯੋਗ ਹੈ ਕਿ ਫਰਵਰੀ ਦੇ ਆਖ਼ਰੀ ਹਫ਼ਤਿਆਂ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਕਾਰਨ ਹੋਰਮੁਜ਼ ਜਲਡਮਰੂ ਵਿੱਚ ਰੁਕਾਵਟਾਂ ਆਈਆਂ ਸਨ, ਜਿਸ ਕਾਰਨ ਖਾੜੀ ਦੇਸ਼ਾਂ ਤੋਂ ਹੋਣ ਵਾਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਅਤੇ ਭਾਰਤ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਮਰੀਕਾ ਵੱਲ ਰੁਖ਼ ਕਰਨਾ ਪਿਆ ਸੀ, ਪਰ ਹੁਣ ਖਾੜੀ ਦੇਸ਼ਾਂ ਤੋਂ ਮੁੜ ਸਪਲਾਈ ਟਰੈਕ 'ਤੇ ਆ ਰਹੀ ਹੈ ਅਤੇ ਕੈਪਲਰ ਦੇ ਅਨੁਸਾਰ ਮੱਧ ਪੂਰਬ ਤੋਂ ਕੱਚੇ ਤੇਲ ਅਤੇ ਗੈਸ ਦੀ ਤਰਸੀਲ ਸੰਘਰਸ਼ ਤੋਂ ਪਹਿਲਾਂ ਦੇ ਪੱਧਰ ਦੇ ਨੇੜੇ ਪਹੁੰਚ ਚੁੱਕੀ ਹੈ।
ਦੂਜੇ ਪਾਸੇ ਖਾੜੀ ਦੇ ਹੋਰ ਦੇਸ਼ਾਂ ਨੇ ਵੀ ਇਸ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ ਜਿੱਥੇ ਕੁਵੈਤ 1 ਲੱਖ 32 ਹਜ਼ਾਰ 544 ਟਨ ਐਲ.ਪੀ.ਜੀ. ਦੀ ਸਪਲਾਈ ਨਾਲ ਤੀਜਾ ਸਭ ਤੋਂ ਵੱਡਾ ਸਪਲਾਇਰ ਰਿਹਾ ਅਤੇ ਇਸ ਵਿੱਚ 15.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਇਸ ਤੋਂ ਬਾਅਦ ਕਤਰ ਦਾ ਨੰਬਰ ਰਿਹਾ ਜਿਸ ਨੇ 1 ਲੱਖ 15 ਹਜ਼ਾਰ 340 ਟਨ ਐਲ.ਪੀ.ਜੀ. ਭੇਜੀ ਜੋ ਕਿ ਅਗਸਤ ਦੇ ਪੱਧਰ ਨਾਲੋਂ 76 ਫੀਸਦੀ ਵੱਧ ਸੀ, ਹਾਲਾਂਕਿ ਸਤੰਬਰ ਦੇ ਮਹੀਨੇ ਵਿੱਚ ਭਾਰਤ ਨੇ ਸਾਊਦੀ ਅਰਬ ਤੋਂ ਐਲ.ਪੀ.ਜੀ. ਦੀ ਕੋਈ ਦਰਾਮਦ ਨਹੀਂ ਕੀਤੀ ਅਤੇ ਇਸ ਪੂਰੇ ਮਹੀਨੇ ਭਾਰਤ ਦਾ ਕੁੱਲ ਐਲ.ਪੀ.ਜੀ. ਆਯਾਤ ਪਿਛਲੇ ਮਹੀਨੇ ਦੇ ਮੁਕਾਬਲੇ 4 ਫੀਸਦੀ ਘਟ ਕੇ 13.9 ਲੱਖ ਟਨ ਰਹਿ ਗਿਆ।
ਮਾਹਰਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਬਾਅਦ ਵੀ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਸਪਲਾਈ ਲੈਣ ਦੀ ਰਣਨੀਤੀ ਜਾਰੀ ਰਹੇਗੀ ਤਾਂ ਜੋ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ, ਅਤੇ ਕੈਪਲਰ ਦੇ ਪ੍ਰਿੰਸੀਪਲ ਫ੍ਰੇਟ ਐਨਾਲਿਸਟ ਮੈਟ ਰਾਈਟ ਦਾ ਕਹਿਣਾ ਹੈ ਕਿ ਮੱਧ ਪੂਰਬ ਤੋਂ ਸਪਲਾਈ ਵਿੱਚ ਕਾਫ਼ੀ ਸੁਧਾਰ ਜ਼ਰੂਰ ਆਇਆ ਹੈ ਪਰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਲਗਾਤਾਰ ਖ਼ਤਰਾ ਬਣਿਆ ਰਹਿਣ ਕਾਰਨ ਮਾਲ ਢੁਆਈ ਦੀ ਲਾਗਤ ਅਜੇ ਵੀ ਉੱਚੀ ਬਣੀ ਹੋਈ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਬਿਨਾਂ ਕਿਸੇ ਪੱਕੇ ਕੂਟਨੀਤਕ ਹੱਲ ਦੇ ਬਾਜ਼ਾਰ ਨੂੰ ਚਲਾਉਣ ਦੀ ਆਪਣੀ ਆਰਥਿਕ ਕੀਮਤ ਚੁਕਾਉਣੀ ਪੈਂਦੀ ਹੈ।
Get all latest content delivered to your email a few times a month.