ਤਾਜਾ ਖਬਰਾਂ
ਫ਼ਿਰੋਜ਼ਪੁਰ ਮੰਡਲ ਅਧੀਨ ਪੈਂਦੇ ਰੇਲਵੇ ਸਟੇਸ਼ਨ ਲੋਹੀਆਂ ਖ਼ਾਸ ਵਿਖੇ ਤੇਲ ਦੀ ਮਾਲਗੱਡੀ (ਬੀਟੀਪੀਐੱਨ) ਨੂੰ ਅੱਗੇ ਤੋਰਨ ਦੇ ਮੁੱਦੇ 'ਤੇ ਸਟੇਸ਼ਨ ਸੁਪਰਡੈਂਟ ਅਤੇ ਟ੍ਰੇਨ ਮੈਨੇਜਰ ਵਿਚਾਲੇ ਹੋਇਆ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਵੀਰਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਹਿਸਬਾਜ਼ੀ ਤੋਂ ਬਾਅਦ ਗੁੱਸੇ ਵਿੱਚ ਆਏ ਸਟੇਸ਼ਨ ਸੁਪਰਡੈਂਟ ਨੇ ਟ੍ਰੇਨ ਮੈਨੇਜਰ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਲੋਹੀਆਂ ਖ਼ਾਸ ਸਟੇਸ਼ਨ 'ਤੇ ਬੋਗੀ ਪੈਟਰੋਲ ਟੈਂਕ ਵੈਗਨ ਮਾਲਗੱਡੀ ਰੋਕੀ ਗਈ ਸੀ। ਟ੍ਰੇਨ ਮੈਨੇਜਰ (ਗਾਰਡ) ਰਵੀ ਕੁਮਾਰ ਜਦੋਂ ਗੱਡੀ ਨੂੰ ਅੱਗੇ ਰਵਾਨਾ ਕਰਨ ਸਬੰਧੀ ਗੱਲ ਕਰਨ ਲਈ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਦੇ ਦਫ਼ਤਰ ਪਹੁੰਚੇ, ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ। ਗੱਲਬਾਤ ਵਧਣ 'ਤੇ ਮਾਮਲਾ ਹਾਥਾਪਾਈ ਅਤੇ ਕੁੱਟਮਾਰ ਤੱਕ ਪਹੁੰਚ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰੇਲਵੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਨੂੰ ਫ਼ਿਰੋਜ਼ਪੁਰ ਡਵੀਜ਼ਨਲ ਹੈੱਡਕੁਆਰਟਰ ਵਿਖੇ ਤਲਬ ਕੀਤਾ। ਡਵੀਜ਼ਨਲ ਆਪ੍ਰੇਸ਼ਨਲ ਮੈਨੇਜਰ (ਡੀਓਐੱਮ) ਗੁਰਸ਼ਰਨ ਪਾਠਕ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸੀਨੀਅਰ ਡੀਓਐੱਮ ਹਰਮੀਤ ਸਿੰਘ ਅਤੇ ਟ੍ਰੈਫ਼ਿਕ ਇੰਸਪੈਕਟਰ (ਟੀਆਈ) ਨਿਤਿਨ ਬਬੂਟਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪੂਰੇ ਘਟਨਾਕ੍ਰਮ ਦੀ ਜਾਂਚ ਕਰਕੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।
ਦੂਜੇ ਪਾਸੇ, ਡਿਊਟੀ ਦੌਰਾਨ ਟ੍ਰੇਨ ਮੈਨੇਜਰ ਨਾਲ ਹੋਈ ਇਸ ਬਦਸਲੂਕੀ ਕਾਰਨ ਰੇਲਵੇ ਮੁਲਾਜ਼ਮਾਂ ਵਿੱਚ ਭਾਰੀ ਗੁੱਸਾ ਹੈ। 'ਆਲ ਇੰਡੀਆ ਟ੍ਰੇਨ ਗਾਰਡ ਕੌਂਸਲ' ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਹੈ ਕਿ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨਾਲ ਅਜਿਹਾ ਵਰਤਾਓ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੋਸ਼ੀ ਅਧਿਕਾਰੀ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ।
Get all latest content delivered to your email a few times a month.