ਤਾਜਾ ਖਬਰਾਂ
ਬਰਨਾਲਾ, 9 ਅਕਤੂਬਰ:
ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਮੌਕੇ ਦੇਣ ਅਤੇ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਕ ਅਹਿਮ ਪਹਿਲਕਦਮੀ ਕਰਦਿਆਂ ਅੱਜ ਬਰਨਾਲਾ ਚੈਪੀਅਨ ਕੱਪ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਉਲੰਪੀਅਨ ਅਵਨੀਤ ਕੌਰ ਸਿੱਧੂ, ਭਾਰਤੀ ਕ੍ਰਿਕਟ ਕਪਤਾਨ ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਸਮੇਤ ਸੰਗੀਤ ਤੇ ਫਿਲਮ ਜਗਤ ਤੋਂ ਕਰਮਜੀਤ ਅਨਮੋਲ, ਜਗਜੀਤ ਸੰਧੂ, ਨਿੰਜਾ, ਕੁਲਵਿੰਦਰ ਬਿੱਲਾ ਤੇ ਬੱਬਲ ਰਾਏ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਬਰਨਾਲਾ ਚੈਪੀਅਨ ਕੱਪ ਦੇ ਉਦਘਾਟਨੀ ਸਮਾਗਮ ਦੌਰਾਨ ਐਮ.ਪੀ. ਮੀਤ ਹੇਅਰ ਨੇ ਕਿਹਾ ਕਿ ਇਸ ਕ੍ਰਿਕਟ ਲੀਗ ਦਾ ਉਦੇਸ਼ ਖੇਡਾਂ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਵਧਾਉਣਾ, ਪ੍ਰਤਿਭਾ ਨੂੰ ਉਭਾਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਲੱਖਾਂ ਰੁਪਏ ਦੇ ਇਨਾਮ ਅਤੇ ਗ੍ਰਾਂਟਾਂ ਵੰਡੀਆਂ ਜਾਣਗੀਆਂ ਜਿਸ ਵਿਚ ਪਹਿਲਾ ਇਨਾਮ 3 ਲੱਖ ਰੁਪਏ, ਦੂਜਾ ਇਨਾਮ 1.5 ਲੱਖ ਰੁਪਏ, ਤੀਜਾ ਇਨਾਮ 1 ਲੱਖ ਰੁਪਏ ਅਤੇ ਚੌਥਾ ਇਨਾਮ 51 ਹਜ਼ਾਰ ਰੁਪਏ ਹੋਵੇਗਾ।
ਇਸਦੇ ਨਾਲ ਹੀ ਪਹਿਲੇ ਨੰਬਰ 'ਤੇ ਰਹਿਣ ਵਾਲੀ ਟੀਮ ਦੇ ਸਬੰਧਿਤ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਦੇ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 6 ਲੱਖ ਰੁਪਏ ਦੀ ਗ੍ਰਾਂਟ ਐਮ.ਪੀ. ਲੈਡ ਫੰਡ ਵਿਚੋਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਲੀਗ ਵਿੱਚ ਬਰਨਾਲਾ ਹਲਕੇ ਦੇ ਵਾਰਡਾਂ ਅਤੇ ਪਿੰਡਾਂ ਦੀਆਂ ਲੱਗਭਗ 90 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੈਚ ਬਰਨਾਲਾ ਹਲਕੇ ਦੇ 4 ਖੇਡ ਮੈਦਾਨਾਂ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ, ਖੇਡ ਗਰਾਊਂਡ ਕਰਮਗੜ੍ਹ, ਖੇਡ ਗਰਾਊਂਡ ਦਾਨਗੜ੍ਹ ਅਤੇ ਖੇਡ ਗਰਾਊਂਡ ਖੁੱਡੀ ਕਲਾਂ ਵਿੱਚ ਕਰਵਾਏ ਜਾ ਰਹੇ ਹਨ।
ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਹਿੱਸਾ ਲੈਣ ਆਏ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਖੇਡਾਂ ਵਿੱਚ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅਨੁਸ਼ਾਸਨ ਵਿੱਚ ਰਹਿ ਕੇ ਹੀ ਖਿਡਾਰੀ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਜਵਾਨੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਬਾਖੂਬੀ ਆਪਣਾ ਕੰਮ ਕਰ ਰਹੀ ਹੈ, ਉੱਥੇ ਸਾਨੂੰ ਵੀ ਆਪਣੇ ਨਾਲ ਦੇ ਸਾਥੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਗਲਤ ਸੰਗਤ ਦਾ ਸ਼ਿਕਾਰ ਨਾ ਹੋਵੇ।
ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਬਰਨਾਲਾ ਚੈਪੀਅਨ ਕੱਪ ਲਈ ਸੰਸਦ ਮੈਂਬਰ ਮੀਤ ਹੇਅਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਕ ਯੂਥ ਲੀਡਰ ਹੀ ਅਜਿਹਾ ਮਾਹੌਲ ਸਿਰਜ ਸਕਦਾ ਹੈ। ਉਹਨਾਂ ਕਿਹਾ ਕਿ ਸੰਗੀਤ ਅਤੇ ਖੇਡਾਂ ਦੋਵੇਂ ਇਕੱਠੇ ਚੱਲਦੇ ਕਿਉਂਕਿ ਸੰਗੀਤ ਖੇਡਾਂ ਦੌਰਾਨ ਖਿਡਾਰੀਆਂ ਵਿੱਚ ਉਤਸ਼ਾਹ ਭਰਨ ਦਾ ਕੰਮ ਕਰਦਾ ਹੈ। ਅਖੀਰ ਵਿੱਚ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਭਵਿੱਖ ਵਿੱਚ ਉਸੇ ਤਰ੍ਹਾਂ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਜਾਣ।
ਲਖਵਿੰਦਰ ਸਿੰਘ ਗਿੱਲ ਨੇ ਆਏ ਹੋਏ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਿੱਚ ਉਹਨਾਂ ਦੇ ਮਾਤਾ ਪਿਤਾ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸੰਗੀਤ ਅਤੇ ਫ਼ਿਲਮ ਜਗਤ ਤੋਂ ਕਰਮਜੀਤ ਅਨਮੋਲ, ਜਗਜੀਤ ਸੰਧੂ, ਨਿੰਜਾ, ਕੁਲਵਿੰਦਰ ਬਿੱਲਾ ਤੇ ਬੱਬਲ ਰਾਏ ਨੇ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਮਕਬੂਲ ਗੀਤਾਂ ਦੇ ਮੁਖੜੇ ਗਾ ਕੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਅਖੀਰ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਹਸਨਪ੍ਰੀਤ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕਿਟ ਕਮੇਟੀ ਬਰਨਾਲਾ ਜਸਵਿੰਦਰ ਸਿੰਘ ਸੰਘੇੜਾ, ਚੇਅਰਮੈਨ ਮਾਰਕਿਟ ਕਮੇਟੀ ਧਨੌਲਾ ਗੁਰਜੋਤ ਸਿੰਘ ਭੱਠਲਾਂ, ਚੇਅਰਮੈਨ ਬਲਾਕ ਸੰਮਤੀ ਜਗਦੇਵ ਮਾਨ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਤੇ ਯੂਥ ਆਗੂ ਇਸ਼ਵਿੰਦਰ ਸਿੰਘ ਜੰਡੂ, ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਐਮ.ਸੀ ਤੇ ਹੋਰ ਪਤਵੰਤੇ ਹਾਜ਼ਰ ਸਨ।
Get all latest content delivered to your email a few times a month.