IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, 4...

ਚੰਡੀਗੜ੍ਹ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ; ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ

Admin User - Oct 09, 2026 03:32 PM
IMG

ਚੰਡੀਗੜ੍ਹ ਵਿੱਚ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਇਹ ਗਿਰੋਹ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸ਼ਹਿਰ ਵਿੱਚ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਜਾਂਚ ਵਿੱਚ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸੰਭਾਵਿਤ ਸਬੰਧਾਂ ਅਤੇ ਸਰਹੱਦ ਪਾਰੋਂ ਨਸ਼ੇ ਦੀ ਖੇਪ ਮੰਗਵਾਏ ਜਾਣ ਦੇ ਸ਼ੱਕ ਵੀ ਸਾਹਮਣੇ ਆਏ ਹਨ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਗੁਰਲਾਲ ਸਿੰਘ ਉਰਫ਼ ਲਾਲ ਹਰ ਮਹੀਨੇ ਚੰਡੀਗੜ੍ਹ ਵਿੱਚ ਲਗਭਗ 7 ਕਿੱਲੋ ਹੈਰੋਇਨ ਸਪਲਾਈ ਕਰਦਾ ਸੀ। ਇਸ ਅੰਦਾਜ਼ੇ ਦੇ ਆਧਾਰ 'ਤੇ ਪਿਛਲੇ ਤਿੰਨ ਸਾਲਾਂ ਦੌਰਾਨ ਸ਼ਹਿਰ ਵਿੱਚ ਕਰੀਬ 252 ਕਿੱਲੋ ਹੈਰੋਇਨ ਦੀ ਸਪਲਾਈ ਹੋਣ ਦਾ ਖ਼ਦਸ਼ਾ ਹੈ। ਇਸ ਮਾਮਲੇ ਵਿੱਚ ਮਲੋਆ ਅਤੇ ਸੈਕਟਰ-56 ਨਾਲ ਸਬੰਧਤ ਤਿੰਨ ਹੋਰ ਸ਼ੱਕੀ ਤਸਕਰਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜੋ ਫ਼ਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ।

ਇੰਨੇ ਲੰਮੇ ਸਮੇਂ ਤੋਂ ਕਥਿਤ ਤੌਰ 'ਤੇ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦੀ ਸਥਾਨਕ ਪੁਲਿਸ ਨੂੰ ਜਾਣਕਾਰੀ ਕਿਉਂ ਨਹੀਂ ਮਿਲੀ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਉਨ੍ਹਾਂ ਦੇ ਸੰਪਰਕਾਂ ਦੀ ਜਾਂਚ ਅਤੇ ਤਕਨੀਕੀ ਨਿਗਰਾਨੀ ਦਾ ਸਹਾਰਾ ਲਿਆ ਜਾ ਰਿਹਾ ਹੈ। ਇਹ ਕਾਰਵਾਈ ਡੀਆਈਜੀ ਰਾਜੀਵ ਰੰਜਨ ਦੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਅਰਸ਼ਦੀਪ ਸਿੰਘ ਵੀ ਸ਼ਾਮਲ ਹੈ, ਜਿਸ ਦਾ ਪਿਤਾ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਪੁਲਿਸ ਨੇ ਅਰਸ਼ਦੀਪ ਕੋਲੋਂ 156 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਰਿਕਾਰਡ ਅਨੁਸਾਰ, ਸਾਲ 2024 ਵਿੱਚ ਵੀ ਉਸ ਵਿਰੁੱਧ ਮੋਰਿੰਡਾ ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਹੁਣ ਜਾਂਚ ਏਜੰਸੀਆਂ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਉਹ ਇਸ ਕਥਿਤ ਨੈੱਟਵਰਕ ਨਾਲ ਕਿਵੇਂ ਜੁੜਿਆ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੁਰਸਾਬ ਸਿੰਘ ਉਰਫ਼ ਸਾਬਾ ਨੂੰ ਕਥਿਤ ਤੌਰ 'ਤੇ ਨੈੱਟਵਰਕ ਦੇ ਮੁੱਖ ਸਰਗਨਾ ਹਰਦੀਪ ਸਿੰਘ ਉਰਫ਼ ਦੀਪ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ, ਉਹ ਨਸ਼ਿਆਂ ਦੇ ਨਾਲ-ਨਾਲ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿੱਚ ਵੀ ਸ਼ਾਮਲ ਸੀ। ਉਸ ਕੋਲੋਂ 57 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਵਿਰੁੱਧ ਵੀ ਪਹਿਲਾਂ ਮੋਰਿੰਡਾ ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਪੁਲਿਸ ਜਾਂਚ ਵਿੱਚ ਹਰਦੀਪ ਸਿੰਘ ਉਰਫ਼ ਦੀਪ ਨੂੰ ਇਸ ਕਥਿਤ ਅੰਤਰਰਾਜੀ ਨੈੱਟਵਰਕ ਦਾ ਮੁੱਖ ਹੈਂਡਲਰ ਦੱਸਿਆ ਗਿਆ ਹੈ, ਜੋ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁੱਢਲੀ ਜਾਂਚ ਅਨੁਸਾਰ, ਉਹ ਪਾਕਿਸਤਾਨ ਸਰਹੱਦ ਰਾਹੀਂ ਹਰ ਮਹੀਨੇ ਲਗਭਗ 22 ਕਿੱਲੋ ਹੈਰੋਇਨ ਪੰਜਾਬ ਮੰਗਵਾਉਂਦਾ ਸੀ ਅਤੇ ਬਾਅਦ ਵਿੱਚ ਇਸ ਦੀ ਸਪਲਾਈ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ ਜਾਂਦੀ ਸੀ।

ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਨਸ਼ੇ ਦੀ ਖੇਪ ਸਰਹੱਦ ਪਾਰੋਂ ਲਿਆਉਣ ਲਈ ਡਰੋਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਇਸ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਸਰਹੱਦ ਪਾਰਲੇ ਸੰਪਰਕਾਂ ਅਤੇ ਨਸ਼ਾ ਸਪਲਾਈ ਦੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਜਾਂਚ ਦਾ ਮੁੱਖ ਕੇਂਦਰ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.