ਤਾਜਾ ਖਬਰਾਂ
ਚੰਡੀਗੜ੍ਹ 8 ਅਕਤੂਬਰ-
ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵੱਲੋਂ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਉੱਚ ਪੱਧਰੀ ਵਿਸ਼ੇਸ਼ ਮੀਟਿੰਗ ਅੱਜ ਸੱਭਿਆਚਾਰ ਵਿਭਾਗ ਦੇ ਦਫ਼ਤਰ ਵਿਖੇ ਸੰਤ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਕੀਤੀ ਗਈ, ਜਿਸ ਵਿੱਚ ਹੁਣ ਤੱਕ ਹੋ ਚੁੱਕੇ ਅਤੇ ਆਉਣ ਵਾਲੇ ਸਮਾਗਮਾਂ ਸਬੰਧੀ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਜਾਣਕਾਰੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਨੇ ਦਿੱਤੀ।
ਮੀਟਿੰਗ ਵਿੱਚ ਸੰਤ ਮਹਾਂਪੁਰਖ ਸੰਤ ਗੁਰਦੀਪ ਗਿਰੀ ਜੀ (ਪਠਾਨਕੋਟ), ਸੰਤ ਪ੍ਰਦੀਪ ਦਾਸ ਜੀ (ਡੇਰਾ ਕਠਾਰ), ਸੰਤ ਕੇਵਲ ਜੀ (ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ) ਅਤੇ ਸੰਤ ਸਤਵਿੰਦਰ ਸਿੰਘ ਹੀਰਾ ਜੀ (ਖੁਰਾਲਗੜ੍ਹ ਸਾਹਿਬ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਦੀਪਕ ਬਾਲੀ ਨੇ ਸਾਰੇ ਸੰਤ ਮਹਾਂਪੁਰਖਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ 92 ਡਰੋਨ ਸ਼ੋਆਂ ਵਿੱਚੋਂ ਲਗਭਗ 80 ਡਰੋਨ ਸ਼ੋਅ ਅਤੇ 12 ਕੀਰਤਨ ਸਮਾਗਮਾਂ ਵਿੱਚੋਂ ਲਗਭਗ 9 ਕੀਰਤਨ ਸਮਾਗਮ ਹੁਣ ਤੱਕ ਸਫਲਤਾਪੂਰਵਕ ਸੰਪੰਨ ਹੋ ਚੁੱਕੇ ਹਨ, ਜਦਕਿ ਬਾਕੀ ਸਮਾਗਮ ਵੀ ਲੜੀਵਾਰ ਤਰੀਕੇ ਨਾਲ ਜਾਰੀ ਹਨ।
ਆਉਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਦੱਸਿਆ ਕਿ ਚਾਰ ਸ਼ੋਭਾ ਯਾਤਰਾਵਾਂ ਵੱਖ-ਵੱਖ ਸਥਾਨਾਂ ਤੋਂ ਚੱਲ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣਗੀਆਂ। ਪਹਿਲੀ ਸ਼ੋਭਾ ਯਾਤਰਾ 29 ਨਵੰਬਰ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਬਨਾਰਸ ਕਾਸ਼ੀ ਵਿਖੇ ਇੱਕ ਵਿਸ਼ੇਸ਼ ਸਮਾਗਮ ਮਗਰੋਂ 30 ਨਵੰਬਰ ਨੂੰ ਆਰੰਭ ਹੋ ਕੇ 3 ਦਸੰਬਰ ਦੀ ਸ਼ਾਮ ਤੱਕ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਦੂਜੀ ਸ਼ੋਭਾ ਯਾਤਰਾ 2 ਦਸੰਬਰ ਨੂੰ ਬਠਿੰਡਾ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੁਕਦੀ ਹੋਈ 3 ਦਸੰਬਰ ਦੀ ਰਾਤ ਨੂੰ ਪੁੱਜੇਗੀ। ਤੀਜੀ ਸ਼ੋਭਾ ਯਾਤਰਾ 1 ਦਸੰਬਰ ਨੂੰ ਫਰੀਦਕੋਟ ਤੋਂ ਚੱਲ ਕੇ ਲੁਧਿਆਣਾ ਤੇ ਫਗਵਾੜਾ ਹੁੰਦੀ ਹੋਈ 3 ਦਸੰਬਰ ਦੀ ਰਾਤ ਨੂੰ ਪਹੁੰਚੇਗੀ। ਚੌਥੀ ਸ਼ੋਭਾ ਯਾਤਰਾ ਜੰਮੂ ਤੋਂ ਚੱਲ ਕੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ਹੁੰਦੀ ਹੋਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ।
ਉਹਨਾਂ ਦੱਸਿਆ ਕਿ 4, 5 ਤੇ 6 ਦਸੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਉੱਚ ਪੱਧਰੀ ਸਮਾਗਮ ਰੱਖੇ ਗਏ ਹਨ। ਪਹਿਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ ਅਤੇ ਸੰਤ ਸੰਮੇਲਨ ਕਰਵਾਇਆ ਜਾਵੇਗਾ। ਦੂਜੇ ਦਿਨ ਕਥਾ ਕੀਰਤਨ ਦਰਬਾਰ, ਸੈਮੀਨਾਰ ਅਤੇ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਵੇਗੀ। ਤੀਜੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਬੇਗਮਪੁਰਾ ਸਮਾਗਮ ਕਰਵਾਇਆ ਜਾਵੇਗਾ। ਤਿੰਨੋਂ ਦਿਨ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਨੂੰ ਦਰਸਾਉਂਦੇ ਡਰੋਨ ਸ਼ੋਅ ਵੀ ਕਰਵਾਏ ਜਾਣਗੇ।
ਇਸ ਮੌਕੇ ਸੰਤ ਕੁਲਦੀਪ ਗਿਰੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਪ੍ਰਕਾਸ਼ ਦਿਵਸ ਮਨਾਉਣ ਦਾ ਸਮਾਂ ਮਿਲਣਾ ਸਮੂਹ ਸੰਗਤ ਲਈ ਬਹੁਤ ਖੁਸ਼ਨਸੀਬੀ ਦੀ ਗੱਲ ਹੈ ਅਤੇ ਉਹਨਾਂ ਸਭ ਨੂੰ ਆਉਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਸੰਤ ਮਹਾਂਪੁਰਖਾਂ ਨੇ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ 'ਤੇ ਡੂੰਘੀ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਮਾਗਮ ਬਹੁਤ ਭਾਵਪੂਰਤ ਢੰਗ ਅਤੇ ਯੋਗ ਪ੍ਰਬੰਧਾਂ ਨਾਲ ਕਰਵਾਏ ਜਾ ਰਹੇ ਹਨ। ਉਹਨਾਂ ਸੰਗਤ ਨੂੰ ਹੁੰਮ-ਹੁਮਾ ਕੇ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ। ਦੀਪਕ ਬਾਲੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਲਈ ਹਰ ਸੰਭਵ ਪ੍ਰਬੰਧ ਕੀਤੇ ਜਾ ਰਹੇ ਹਨ।
Get all latest content delivered to your email a few times a month.