ਤਾਜਾ ਖਬਰਾਂ
ਪੰਜਾਬ ਦੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਹਾਈ-ਪ੍ਰੋਫਾਈਲ ਕਤਲ ਮਾਮਲੇ ਵਿੱਚ ਇੱਕ ਅਹਿਮ ਮੋੜ ਆਇਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕਰਦਿਆਂ ਇਸ ਵਾਰਦਾਤ ਨਾਲ ਸਬੰਧਤ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਇਹ ਪਹਿਲੀ ਆਧਿਕਾਰਿਕ ਗ੍ਰਿਫ਼ਤਾਰੀ ਮੰਨੀ ਜਾ ਰਹੀ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਗਿਣਤੀ ਬਾਰੇ ਅਜੇ ਸਥਿਤੀ ਸਪੱਸ਼ਟ ਹੋਣੀ ਬਾਕੀ ਹੈ।
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਕਾਰ ਵਾਸ਼ ਸੈਂਟਰ ਕੋਲ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮੈਡ ਸੰਧੂ 'ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ ਸਨ। ਗੰਭੀਰ ਰੂਪ ਵਿੱਚ ਜ਼ਖ਼ਮੀ ਸੰਧੂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਸੀ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਜਾਂਚ ਟੀਮਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਦੋ ਸ਼ੱਕੀ ਵਿਅਕਤੀਆਂ ਨੂੰ ਪਹਿਲਾਂ ਹੀ ਰਾਊਂਡ-ਅੱਪ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੱਕੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਮੁੱਖ ਸ਼ੂਟਰਾਂ ਅਤੇ ਸਾਜ਼ਿਸ਼ਕਰਤਾਵਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ।
ਪੁਲਿਸ ਅਨੁਸਾਰ, ਮੈਡ ਸੰਧੂ ਦੀ ਸੋਸ਼ਲ ਮੀਡੀਆ 'ਤੇ ਵੱਡੀ ਫਾਲੋਇੰਗ ਸੀ ਅਤੇ ਉਸ ਦੇ ਕੁਝ ਵਿਵਾਦ ਵੀ ਚੱਲ ਰਹੇ ਸਨ। ਮੁੱਢਲੀ ਤਫ਼ਤੀਸ਼ ਸੰਕੇਤ ਦਿੰਦੀ ਹੈ ਕਿ ਇਹ ਕਤਲ ਕਿਸੇ ਕੱਟੜਪੰਥੀ ਸੰਗਠਨ ਦਾ ਕੰਮ ਨਹੀਂ, ਸਗੋਂ ਪੈਸੇ ਦੇ ਕੇ (ਸੁਪਾਰੀ ਲੈ ਕੇ) ਕਰਵਾਇਆ ਗਿਆ ਅਪਰਾਧ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਅਜੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਅਗਲੇ 24 ਘੰਟਿਆਂ ਵਿੱਚ ਪੂਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ।
Get all latest content delivered to your email a few times a month.