IMG-LOGO
ਹੋਮ ਪੰਜਾਬ: ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਤੇ ਇੰਚਾਰਜ ਸਚਿਨ...

ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਤੇ ਇੰਚਾਰਜ ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

Admin User - Oct 08, 2026 11:20 AM
IMG

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਅੱਜ ਆਪਣੇ ਸਮਰਥਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਗੁਰੂ ਘਰ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਦੇ ਮਕਸਦ ਨਾਲ ਕਾਂਗਰਸੀ ਆਗੂਆਂ ਦਾ ਇਹ ਕਾਫ਼ਲਾ ਅੰਮ੍ਰਿਤਸਰ ਪਹੁੰਚਿਆ ਸੀ।


ਇਸ ਤੋਂ ਪਹਿਲਾਂ, ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਣ 'ਤੇ ਪਾਰਟੀ ਵਰਕਰਾਂ ਅਤੇ ਸਥਾਨਕ ਨੇਤਾਵਾਂ ਵੱਲੋਂ ਦੋਵਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਸਚਿਨ ਪਾਇਲਟ ਖ਼ੁਦ ਗੱਡੀ ਡਰਾਈਵ ਕਰ ਰਹੇ ਸਨ ਅਤੇ ਨਵੇਂ ਪ੍ਰਧਾਨ ਪਰਗਟ ਸਿੰਘ ਉਨ੍ਹਾਂ ਦੇ ਨਾਲ ਵਾਲੀ ਫਰੰਟ ਸੀਟ 'ਤੇ ਬੈਠੇ ਨਜ਼ਰ ਆਏ।


ਦਰਬਾਰ ਸਾਹਿਬ ਪਰਿਕਰਮਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਦੌਰਾ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਉਹ ਇੱਥੇ ਕੋਈ ਸਿਆਸੀ ਬਿਆਨਬਾਜ਼ੀ ਕਰਨ ਨਹੀਂ ਆਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਜੋੜਨ ਦੀ ਰਾਜਨੀਤੀ ਕਰਦੀ ਹੈ ਅਤੇ ਕਦੇ ਵੀ ਟਕਰਾਅ ਜਾਂ ਨਫ਼ਰਤ ਦਾ ਰਾਹ ਨਹੀਂ ਚੁਣਦੀ। ਅੱਜ ਦਾ ਦਿਨ ਸਿਰਫ਼ ਗੁਰੂ ਸਾਹਿਬ ਦੇ ਚਰਨਾਂ 'ਚ ਸ਼ਰਧਾ ਫੁੱਲ ਭੇਟ ਕਰਨ ਦਾ ਹੈ।


ਜਦੋਂ ਪੱਤਰਕਾਰਾਂ ਨੇ ਪਾਰਟੀ ਦੀ ਅਗਲੀ ਰਣਨੀਤੀ ਅਤੇ ਸਿਆਸੀ ਹਾਲਾਤ 'ਤੇ ਸਵਾਲ ਪੁੱਛੇ, ਤਾਂ ਪਰਗਟ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਪਵਿੱਤਰ ਅਸਥਾਨ 'ਤੇ ਸਿਆਸਤ ਦੀ ਗੱਲ ਕਰਨਾ ਵਾਜਬ ਨਹੀਂ ਹੈ। ਉਹ ਇੱਕ ਸਾਧਾਰਨ ਸਿੱਖ ਵਜੋਂ ਗੁਰੂ ਘਰ ਆਸ਼ੀਰਵਾਦ ਲੈਣ ਆਏ ਹਨ ਅਤੇ ਪਾਰਟੀ ਦੀਆਂ ਅਗਲੀਆਂ ਗਤੀਵਿਧੀਆਂ ਬਾਰੇ ਇੱਕ-ਦੋ ਦਿਨਾਂ ਬਾਅਦ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।


ਪਾਰਟੀ ਅੰਦਰਲੀ ਗੁੱਟਬੰਦੀ ਨਾਲ ਜੁੜੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਇੱਕਜੁੱਟ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਓਟ-ਆਸਰੇ ਨਾਲ ਹੀ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਸੂਬੇ ਦੀ ਤਰੱਕੀ ਲਈ ਅੱਗੇ ਵਧਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.