IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਅੰਤਰਰਾਸ਼ਟਰੀ ਦੌਰੇ ਤੋਂ ਬਾਅਦ ਸਪੀਕਰ ਸੰਧਵਾਂ ਨੇ ਪੰਜਾਬ ਦੇ ਲੋਕਾਂ...

ਅੰਤਰਰਾਸ਼ਟਰੀ ਦੌਰੇ ਤੋਂ ਬਾਅਦ ਸਪੀਕਰ ਸੰਧਵਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਮੁੜ ਸ਼ੁਰੂ ਕੀਤੀ

Admin User - Oct 07, 2026 08:58 PM
IMG

ਚੰਡੀਗੜ੍ਹ, 7 ਅਕਤੂਬਰ :

ਜਮਹੂਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਨਾਲ ਰਾਬਤੇ ਦੀ ਗੰਢਾਂ ਹੋਰ ਪੀਡੀਆਂ ਕਰਨ ਦੇ ਉਦੇਸ਼ ਨਾਲ ਕੀਤੇ ਅੰਤਰਰਾਸ਼ਟਰੀ ਦੌਰਿਆਂ ਤੋਂ ਬਾਅਦ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਮੁੜ ਵਤਨ ਪਰਤ ਆਏ ਹਨ।

ਆਪਣੇ ਵਿਦੇਸ਼ੀ ਦੌਰੇ ਬਾਰੇ ਦੱਸਦਿਆਂ ਸਪੀਕਰ ਸੰਧਵਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੇਸ਼ਕੀਮਤੀ ਫ਼ਲਸਫ਼ੇ ਦਾ ਜ਼ਿਕਰ ਕੀਤਾ। ਉਨ੍ਹਾਂ ਉਸ ਇਤਿਹਾਸਕ ਬਿਰਤਾਂਤ ਨੂੰ ਯਾਦ ਕੀਤਾ ਜਦੋਂ ਗੁਰੂ ਜੀ ਨੇ ਬੁਰੇ ਲੋਕਾਂ ਨੂੰ ‘ਇੱਥੇ ਹੀ ਵਸਦੇ ਰਹਿਣ’ ਅਤੇ ਚੰਗੇ ਲੋਕਾਂ ਨੂੰ ‘ ਉੱਜੜ ਜਾਣ’ ਲਈ ਕਿਹਾ ਸੀ। ਜਦੋਂ ਭਾਈ ਮਰਦਾਨਾ ਜੀ ਨੇ ਇਸ ਗੁੱਝੀ ਰਮਜ਼ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਸਮਝਾਇਆ ਕਿ ਜੇਕਰ ਬੁਰੇ ਲੋਕ ਇੱਕ ਥਾਂ ’ਤੇ ਟਿਕੇ ਰਹਿੰਦੇ ਹਨ ਤਾਂ ਉਨ੍ਹਾਂ ਦੇ ਮੰਦੇ ਕੰਮ ਉੱਥੋਂ ਤੱਕ ਹੀ ਸੀਮਤ ਰਹਿੰਦੇ ਹਨ, ਜਦਕਿ ਚੰਗੇ ਲੋਕ ਜਿੱਥੇ ਵੀ ਜਾਂਦੇ ਹਨ, ਆਪਣੇ ਨਾਲ ਨੇਕੀ, ਭਲਾਈ ਅਤੇ ਸੇਵਾ-ਭਾਵਨਾ ਲੈ ਜਾਂਦੇ ਹਨ।

ਸਪੀਕਰ ਸੰਧਵਾਂ ਨੇ ਕਿਹਾ, ‘‘ਇਸ ਮਹਾਨ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ, ਪੰਜਾਬ ਦੇ ਧੀਆਂ-ਪੁੱਤ ਅੱਜ ਆਪਣੀ ਮਿਹਨਤ, ਹੁਨਰ ਅਤੇ ਜਜ਼ਬੇ ਸਦਕਾ ਦੁਨੀਆ ਦੇ ਹਰ ਕੋਨੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਜਿੱਥੇ ਵੀ ਕੋਈ ਪੰਜਾਬੀ ਵੱਸਦਾ ਹੈ, ਉਹ ਸਾਡੀ ਭਾਸ਼ਾ, ਸੱਭਿਆਚਾਰ, ਵਿਰਾਸਤ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਨਾਲ ਰੱਖਦਾ ਹੈ ਅਗਾਂਹ ਵੀ ਤੋਰਦਾ  ਹੈ।’’

ਇਸ ਅੰਤਰਰਾਸ਼ਟਰੀ ਦੌਰੇ ਦਾ ਉਦੇਸ਼ ਵੱਖ-ਵੱਖ ਦੇਸ਼ਾਂ ਦੀਆਂ ਸੰਸਦੀ ਪ੍ਰਣਾਲੀਆਂ, ਲੋਕਤੰਤਰੀ ਢਾਂਚਿਆਂ ਅਤੇ ਕੰਮਕਾਜ ਦੇ ਤਰੀਕਿਆਂ ਨੂੰ ਸਮਝਣ ਦੇ ਨਾਲ- ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਜੁੜ ਕੇ ਉਨ੍ਹਾਂ ਦੀਆਂ ਲੋੜਾਂ, ਭਾਵਨਾਵਾਂ ਅਤੇ ਚਿੰਤਾਵਾਂ ਨੂੰ ਸਮਝਣਾ ਸੀ।


ਅੰਤਰਰਾਸ਼ਟਰੀ ਦੌਰੇ ਦੇ ਮੁੱਖ ਅੰਸ਼ :


ਬਰਲਿਨ, ਜਰਮਨੀ: ਖੇਤਰੀ ਮੁੱਦਿਆਂ ਅਤੇ ਪਰਵਾਸੀ ਭਾਰਤੀਆਂ ਦੀਆਂ ਆਸਾਂ-ਉਮੀਦਾਂ ’ਤੇ ਚਰਚਾ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।


ਕੁਆਲਾਲੰਪੁਰ, ਮਲੇਸ਼ੀਆ: ਪੰਜਾਬ ਨਾਲ ਭਾਵਨਾਤਮਕ, ਸੱਭਿਆਚਾਰਕ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਿੱਖ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤੀ।

ਪੇਨਾਂਗ, ਮਲੇਸ਼ੀਆ: ਪੰਜਾਬੀ ਭਾਈਚਾਰੇ ਦੀ ਭਲਾਈ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਮੁੱਖ ਮੰਤਰੀ ਸ੍ਰੀ ਚੋ ਕੋਨ ਯੇਓ  ਅਤੇ ਉੱਪ ਮੁੱਖ ਮੰਤਰੀ ਜਗਦੀਪ ਸਿੰਘ ਦਿਉ ਨਾਲ ਮੁਲਾਕਾਤ ਕੀਤੀ।

ਦੱਖਣੀ ਅਫ਼ਰੀਕਾ: 67ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ , ਜਿਸ ਵਿੱਚ ਲੋਕਤੰਤਰੀ ਸਿਧਾਂਤਾਂ, ਸੰਸਦੀ ਢਾਂਚੇ ਅਤੇ ਵਿਸ਼ਵਵਿਆਪੀ ਨੁਮਾਇੰਦਿਆਂ ਨਾਲ ਅੰਤਰਰਾਸ਼ਟਰੀ ਸਹਿਯੋਗ ਬਾਰੇ ਚਰਚਾ ਕੀਤੀ ਗਈ।

ਕੈਨੇਡਾ ਅਤੇ ਹੋਰ ਦੇਸ਼: ਪੰਜਾਬ ਦੇ ਵਿਕਾਸ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦ੍ਰਿਤ ਕਈ ਭਾਈਚਾਰਕ ਸਮਾਗਮਾਂ ਅਤੇ ਉੱਚ-ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲਿਆ।

ਇਨ੍ਹਾਂ ਦੇਸ਼ਾਂ ਵਿੱਚ, ਮੁੱਖ ਵਿਚਾਰ-ਵਟਾਂਦਰੇ ਜਿਨ੍ਹਾਂ ਮੁੱਖ ਮੁੱਦਿਆਂ ’ਤੇ ਕੇਂਦ੍ਰਿਤ ਸਨ, ਉਨ੍ਹਾਂ ਵਿੱਚ ਪੰਜਾਬ ਵਿੱਚ ਨਿਵੇਸ਼ ਅਤੇ ਰੁਜ਼ਗਾਰ ਨੂੰ ਵਧਾਉਣਾ, ਉਦਯੋਗਿਕ ਅਤੇ ਵਪਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਸਿੱਧੀ ਅੰਤਰਰਾਸ਼ਟਰੀ ਉਡਾਣ ਸੰਪਰਕ ਦਾ ਵਿਸਥਾਰ ਕਰਨਾ ਅਤੇ ਸੂਬੇ ਦੀ ਤਰੱਕੀ ਵਿੱਚ ਆਲਮੀ ਪ੍ਰਵਾਸੀਆਂ ਦੀ ਸਰਗਰਮ ਭਾਗੀਦਾਰੀ  ਸ਼ਾਮਲ ਹੈ।

ਸਪੀਕਰ ਸੰਧਵਾਂ ਨੇ ਕਿਹਾ,‘‘ਵਿਦੇਸ਼ਾਂ ਵਿੱਚ ਰਹਿ ਰਿਹਾ ਪੰਜਾਬੀ ਭਾਈਚਾਰਾ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਅਨਮੋਲ ਹਿੱਸਾ ਹੈ।’’ ਉਨ੍ਹਾਂ ਕਿਹਾ, ‘‘ਮੈਂ ਇਸ ਦੌਰੇ ਵਿੱਚ ਹੋਏ ਤਜ਼ਰਬਿਆਂ, ਵਿਚਾਰਾਂ ਅਤੇ ਰਣਨੀਤਕ ਸੰਪਰਕਾਂ ਨੂੰ ਪੰਜਾਬ ਦੇ ਹਿੱਤਾਂ ਲਈ ਸੁਚੱਜੇ ਰੂਪ ਵਿੱਚ ਵਰਤਣ ਲਈ ਆਪਣੇ ਵਤਨ ਵਾਪਸ ਆਇਆ ਹਾਂ। ਸਾਡੇ ਯਤਨ ਤਿੰਨ ਨਿਰੰਤਰ ਉਦੇਸ਼ਾਂ ’ਤੇ ਬਹੁਤ ਜ਼ਿਆਦਾ ਕੇਂਦ੍ਰਿਤ ਹੋਣਗੇ: ਵਿਦੇਸ਼ਾਂ ਵਿੱਚ ਪੰਜਾਬ ਦੀ ਆਵਾਜ਼ ਨੂੰ ਬੁਲੰਦ ਰੱਖਣਾ, ਪ੍ਰਵਾਸੀਆਂ ਨਾਲ ਡੂੰਘੇ ਸਬੰਧ ਬਣਾਈ ਰੱਖਣਾ ਅਤੇ ਦੇਸ਼ ਲਈ ਬਿਹਤਰੀ ਅਤੇ ਖੁਸ਼ਹਾਲੀ ਲਿਆਉਣਾ।’’

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.