IMG-LOGO
ਹੋਮ ਪੰਜਾਬ: ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ...

ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

Admin User - Oct 07, 2026 08:20 PM
IMG

ਸੰਗਰੂਰ 7 ਅਕਤੂਬਰ-

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਮਾਰੇ ਗਏ 12 ਘੰਟਿਆਂ ਦੇ ਛਾਪਿਆਂ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ ਦੀਆਂ ਟੀਮਾਂ ਖਾਲੀ ਹੱਥ ਵਾਪਸ ਪਰਤੀਆਂ ਹਨ ਅਤੇ ਪੂਰੇ ਪੰਜਾਬ ਵਿੱਚ ਵਿਆਪਕ ਤਲਾਸ਼ੀ ਦੇ ਬਾਵਜੂਦ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਨਤੀਜਾ ਸਰਕਾਰ ਦੀ ਇਮਾਨਦਾਰੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਚੋਣਾਂ ਤੋਂ ਪਹਿਲਾਂ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਨੂੰ ਡਰਾਉਣ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਅਤੇ ਨਾ ਹੀ ਪੰਜਾਬ ਸਰਕਾਰ ਅਜਿਹੀਆਂ ਚਾਲਾਂ ਤੋਂ ਡਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਪੈਸਾ ਕਮਾਉਣ ਲਈ ਨਹੀਂ ਬਲਕਿ ਪੰਜਾਬ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ ਅਤੇ ਪੰਜਾਬੀ ਕਦੇ ਵੀ 'ਧੱਕੇਸ਼ਾਹੀ' ਬਰਦਾਸ਼ਤ ਨਹੀਂ ਕਰਨਗੇ।

'X'  'ਤੇ ਪੋਸਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: "...ਸੀਬੀਆਈ ਦੇ ਛਾਪੇ ਸਿਰਫ਼ ਸਿਆਸੀ ਬੌਖਲਾਹਟ ਦਾ ਨਤੀਜਾ ਹਨ। ਅਸੀਂ ਡਰਾਉਣ ਜਾਂ ਬਦਨਾਮ ਕਰਨ ਦੀਆਂ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ ਤੋਂ ਨਾ ਡਰਾਂਗੇ ਅਤੇ ਨਾ ਹੀ ਝੁਕਾਂਗੇ। ਅਸੀਂ ਇੱਥੇ ਪੈਸਾ ਕਮਾਉਣ ਨਹੀਂ, ਪੰਜਾਬ ਦੀ ਸੇਵਾ ਕਰਨ ਆਏ ਹਾਂ, ਅਤੇ ਪੰਜਾਬੀ ਕਦੇ ਵੀ ਅਨਿਆਂ ਬਰਦਾਸ਼ਤ ਨਹੀਂ ਕਰਦੇ।"

ਸੰਗਰੂਰ ਵਿੱਚ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਾ ਤਾਂ ਉਹ ਅਤੇ ਨਾ ਹੀ ਪੰਜਾਬ ਸਰਕਾਰ ਅਜਿਹੀਆਂ ਚਾਲਾਂ ਤੋਂ ਡਰੇਗੀ। ਉਨ੍ਹਾਂ ਕਿਹਾ, "ਅਸੀਂ ਕਿਤੇ ਨਹੀਂ ਜਾ ਰਹੇ। ਅਸੀਂ ਕੇਂਦਰੀ ਏਜੰਸੀਆਂ ਦਾ ਸਾਹਮਣਾ ਕਰਾਂਗੇ ਅਤੇ ਹਰ ਸਵਾਲ ਦਾ ਜਵਾਬ ਦਿਆਂਗੇ। ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਧਮਕੀਆਂ ਜਾਂ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਹਨ।"

ਮੁੱਖ ਮੰਤਰੀ ਨੇ ਕਿਹਾ ਕਿ ਸੀਬੀਆਈ ਦੇ ਛਾਪਿਆਂ ਦਾ ਸਮਾਂ ਬਹੁਤ ਮਹੱਤਵਪੂਰਨ ਹੈ ਅਤੇ ਇਹ ਦਰਸਾਉਂਦਾ ਹੈ ਕਿ ਭਾਜਪਾ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, "ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਉਨ੍ਹਾਂ ਰਾਜਾਂ ਵਿੱਚ ਇੱਕੋ ਜਿਹਾ ਤਰੀਕਾ ਅਪਣਾਇਆ ਜਾਂਦਾ ਹੈ ਜਿੱਥੇ ਭਾਜਪਾ ਨੂੰ ਸਿਆਸੀ ਚੁਣੌਤੀ ਮਿਲਦੀ ਹੈ। ਦਿੱਲੀ ਵਿੱਚ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ। ਛੱਤੀਸਗੜ੍ਹ, ਪੱਛਮੀ ਬੰਗਾਲ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਕੇਂਦਰੀ ਏਜੰਸੀਆਂ ਅਚਾਨਕ ਸਰਗਰਮ ਹੋ ਜਾਂਦੀਆਂ ਹਨ।"


ਉਨ੍ਹਾਂ ਕਿਹਾ ਕਿ ਪੰਜਾਬ ਡਰਾਉਣ-ਧਮਕਾਉਣ ਦੀ ਇਸ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵੇਗਾ। "ਜਿਹੜੀਆਂ ਟੀਮਾਂ ਪੰਜਾਬ 'ਚ ਛਾਪੇਮਾਰੀ ਕਰਨ ਆਈਆਂ ਸਨ, ਉਹ ਖਾਲੀ ਹੱਥ ਵਾਪਸ ਚਲੀਆਂ ਗਈਆਂ ਹਨ। ਉਹ ਇੱਕ ਮਕਸਦ ਨਾਲ ਆਏ ਸਨ, ਪਰ ਉਨ੍ਹਾਂ ਨੂੰ ਕੀ ਮਿਲਿਆ? ਕੁਝ ਵੀ ਨਹੀਂ। ਉਹ ਖਾਲੀ ਹੱਥ ਵਾਪਸ ਗਏ," ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਤਾਂ ਅਜਿਹੇ ਛਾਪੇ ਡਰ ਦਾ ਮਾਹੌਲ ਪੈਦਾ ਕਰਨ ਅਤੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹਨ।


ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੋਸ਼ਿਸ਼ ਸਿਰਫ਼ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਦੇ ਪਰਿਵਾਰ ਦੇ ਅਕਸ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ, "ਇਹ ਮੈਨੂੰ, ਮੇਰੇ ਪਰਿਵਾਰ ਨੂੰ ਅਤੇ ਸਾਡੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਪਰ ਅਜਿਹੀਆਂ ਸਾਜ਼ਿਸ਼ਾਂ ਸਾਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀਆਂ। ਭਾਜਪਾ ਸਾਨੂੰ ਪਰੇਸ਼ਾਨ ਕਰਨ ਦੀਆਂ ਫਜ਼ੂਲ ਅਤੇ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੀ ਹੈ।"


ਸੂਬਾ ਸਰਕਾਰ ਦੀ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਸਿਆਸੀ ਦਬਾਅ ਉਨ੍ਹਾਂ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, "ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਅਸੀਂ ਇਸ ਸੁਨੇਹੇ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਲੈ ਕੇ ਜਾ ਰਹੇ ਹਾਂ। ਇਹ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਅਤੇ ਸ਼ਹੀਦਾਂ ਅਤੇ ਪੰਜਾਬ ਲਈ ਕੁਰਬਾਨੀਆਂ ਦੇਣ ਵਾਲਿਆਂ ਦੇ ਸਤਿਕਾਰ ਲਈ ਹੈ।"


ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵਾਰ-ਵਾਰ ਆਪਣੀ ਦਲੇਰੀ ਸਾਬਤ ਕੀਤੀ ਹੈ ਅਤੇ ਉਹ ਧਮਕੀਆਂ, ਛਾਪਿਆਂ ਜਾਂ ਸਿਆਸੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ "ਪੰਜਾਬੀ ਕਦੇ ਦਬਾਅ ਅੱਗੇ ਨਹੀਂ ਝੁਕੇ, ਅਤੇ ਨਾ ਹੀ ਹੁਣ ਝੁਕਣਗੇ। ਪੰਜਾਬ ਅਜਿਹੀਆਂ ਚਾਲਾਂ ਅੱਗੇ ਸਮਰਪਣ ਨਹੀਂ ਕਰੇਗਾ। ਅਸੀਂ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ ਅਤੇ ਪੰਜਾਬ ਅਤੇ ਇਸ ਦੇ ਲੋਕਾਂ ਲਈ ਕੰਮ ਕਰਦੇ ਰਹਾਂਗੇ,"।


ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਡਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ"ਭਾਜਪਾ ਲਈ ਸਭ ਕੁਝ ਚੋਣਾਂ ਹੋ ਸਕਦੀਆਂ ਹਨ, ਪਰ ਸਾਡੇ ਲਈ ਸਰਕਾਰ ਚਲਾਉਣਾ ਲੋਕਾਂ ਦੀ ਸੇਵਾ ਕਰਨਾ ਹੈ। ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਪੰਜਾਬ ਅਤੇ ਇਸ ਦੇ ਲੋਕ ਸਾਡੀ ਪਹਿਲ ਰਹਿਣਗੇ,"।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਦੀ ਸਿਆਸੀ ਮਕਸਦਾਂ ਲਈ ਦੁਰਵਰਤੋਂ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਰਹੇਗੀ ਅਤੇ ਸੂਬੇ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਰਹੇਗੀ। ਉਨ੍ਹਾਂ ਕਿਹਾ"ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਹਰ ਏਜੰਸੀ, ਹਰ ਜਾਂਚ ਅਤੇ ਹਰ ਚੁਣੌਤੀ ਦਾ ਦਲੇਰੀ ਨਾਲ ਸਾਹਮਣਾ ਕਰਾਂਗੇ," ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾ ਤਾਂ ਡਰੇਗਾ ਅਤੇ ਨਾ ਹੀ ਚੁੱਪ ਬੈਠੇਗਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦਾ ਸੂਬੇ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਨ ਦਾ ਲੰਮਾ ਰਿਕਾਰਡ ਰਿਹਾ ਹੈ। ਉਨ੍ਹਾਂ ਕਿਹਾ, "ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੋਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ), ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ, ਹਰੀਕੇ ਨਹਿਰ, ਗਣਤੰਤਰ ਦਿਵਸ ਦੀਆਂ ਝਾਕੀਆਂ, ਆਰਡੀਐਫ ਫੰਡ ਜਾਂ ਸਰਹੱਦੀ ਖੇਤਰ ਦੇ ਫੰਡ ਹੋਣ, ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਨਾਇਨਸਾਫ਼ੀ ਕੀਤੀ ਹੈ।"


ਸੀਐਮ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 700 ਤੋਂ ਵੱਧ ਕਿਸਾਨਾਂ ਦੀਆਂ ਹੋਈਆਂ ਮੌਤਾਂ ਵਿੱਚ ਭਾਜਪਾ ਦੀ ਭੂਮਿਕਾ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, "ਭਾਜਪਾ ਦੇ ਹੱਥ ਸੂਬੇ ਦੇ 700 ਤੋਂ ਵੱਧ ਉਨ੍ਹਾਂ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਨ੍ਹਾਂ ਨੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਸ਼ਹਾਦਤ ਦਿੱਤੀ ਸੀ।"


ਖੇਤੀਬਾੜੀ ਖੇਤਰ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਹਿਰੀ ਸਿੰਚਾਈ ਦੇ ਵਾਧੇ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ"ਨਹਿਰੀ ਪਾਣੀ ਵੱਡੇ ਪੱਧਰ 'ਤੇ ਕਿਸਾਨਾਂ ਤੱਕ ਪਹੁੰਚ ਰਿਹਾ ਹੈ। ਨਹਿਰੀ ਪਾਣੀ ਦੀ ਬਿਹਤਰ ਉਪਲਬਧਤਾ ਕਾਰਨ ਕਈ ਖੇਤਰਾਂ ਵਿੱਚ ਕਿਸਾਨਾਂ ਦੀ ਖੇਤੀਬਾੜੀ ਪੈਦਾਵਾਰ ਵਿੱਚ ਚਾਰ ਕੁਇੰਟਲ ਪ੍ਰਤੀ ਏਕੜ ਤੱਕ ਦਾ ਵਾਧਾ ਹੋਇਆ ਹੈ,"।


ਉਨ੍ਹਾਂ ਕਿਹਾ ਕਿ ਪੰਜਾਬ ਦੇ ਕੀਮਤੀ ਭੂਮੀਗਤ ਪਾਣੀ ਦੇ ਸਰੋਤਾਂ ਦੀ ਰਾਖੀ ਅਤੇ ਸੂਬੇ ਦੇ ਖੇਤੀਬਾੜੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਉਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਹਿਰੀ ਸਿੰਚਾਈ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ ਤਾਂ ਜੋ ਕਿਸਾਨ ਭੂਮੀਗਤ ਪਾਣੀ ਦੀ ਬਜਾਏ ਧਰਤੀ ਦੇ ਉੱਪਰਲੇ ਨਹਿਰੀ ਪਾਣੀ 'ਤੇ ਨਿਰਭਰ ਹੋ ਸਕਣ।


ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਖਿੱਚੋਤਾਣ 'ਚ ਉਲਝੀ ਹੋਈ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪੁਰਾਣੀਆਂ ਕਰਤੂਤਾਂ ਕਾਰਨ ਹਾਸ਼ੀਏ 'ਤੇ ਧੱਕਿਆ ਗਿਆ ਹੈ। ਉਨ੍ਹਾਂ ਕਿਹਾ, "ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹਨ ਕਿਉਂਕਿ ਇਸ ਨੇ ਆਮ ਆਦਮੀ ਦੀ ਭਲਾਈ ਲਈ ਅਸਲ ਕੰਮ ਕੀਤਾ ਹੈ।"


ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ 'ਆਪ' ਲੋਕਾਂ ਲਈ ਕੰਮ ਕਰਨਾ ਜਾਰੀ ਰੱਖੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.