ਤਾਜਾ ਖਬਰਾਂ
ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਚਾਰ ਮੈਂਬਰੀ ਪੜਤਾਲੀਆ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਆਧਾਰ ’ਤੇ ਧਾਮੀ ਨੇ ਸਰਾਵਾਂ ਦੇ ਰਿਕਾਰਡ ਅਤੇ ਜਾਂਚ ਦੌਰਾਨ ਸਾਹਮਣੇ ਆਏ ਤੱਥ ਮੀਡੀਆ ਨਾਲ ਸਾਂਝੇ ਕੀਤੇ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਕਮੇਟੀ ਨੇ ਸਰਾਵਾਂ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਮੁਤਾਬਕ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਸਬੰਧਤ ਬੀਬੀ ਨੇ ਵੱਖ-ਵੱਖ ਮੌਕਿਆਂ ’ਤੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਸਰਾਵਾਂ ਵਿੱਚ ਕਮਰੇ ਪ੍ਰਾਪਤ ਕੀਤੇ ਅਤੇ ਕਈ ਮੌਕਿਆਂ ’ਤੇ ਬਣਦੀ ਭੇਟਾ ਵੀ ਜਮ੍ਹਾਂ ਕਰਵਾਈ।
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਕਮਰਾ ਜਾਂ ਗੱਡੀ ਦੀ ਸਹੂਲਤ ਦੇਣ ਸਬੰਧੀ ਕੀਤੇ ਜਾ ਰਹੇ ਦਾਅਵੇ ਜਾਂਚ ਦੌਰਾਨ ਸਹੀ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸਰਾਵਾਂ ਦੇ ਰਜਿਸਟਰ ਵਿੱਚ ਕੁਝ ਇੰਦਰਾਜਾਂ ਨਾਲ ਕਥਿਤ ਛੇੜਛਾੜ ਦੇ ਤੱਥ ਸਾਹਮਣੇ ਆਏ ਹਨ। ਉਨ੍ਹਾਂ ਅਨੁਸਾਰ ਕੁਝ ਐਂਟਰੀਆਂ ਬਾਅਦ ਵਿੱਚ ਜੋੜੀਆਂ ਗਈਆਂ ਅਤੇ ਸੀਰੀਅਲ ਨੰਬਰਾਂ ਨਾਲ ਵੀ ਤਬਦੀਲੀ ਕੀਤੀ ਗਈ। ਇਨ੍ਹਾਂ ਇੰਦਰਾਜਾਂ ਦੀ ਲਿਖਾਈ ਦੀ ਵੀ ਅੱਗੇ ਜਾਂਚ ਕਰਵਾਈ ਜਾਵੇਗੀ।
ਧਰਮ ਅਰਥ ਫੰਡ ਵਿੱਚੋਂ ਇੱਕ ਲੱਖ ਰੁਪਏ ਦੀ ਸਹਾਇਤਾ ਦੇ ਮਾਮਲੇ ’ਤੇ ਧਾਮੀ ਨੇ ਕਿਹਾ ਕਿ ਸਬੰਧਤ ਬੀਬੀ ਵੱਲੋਂ ਇਲਾਜ ਲਈ ਦਿੱਤੀ ਅਰਜ਼ੀ ਅਤੇ ਮੈਡੀਕਲ ਦਸਤਾਵੇਜ਼ਾਂ ਦੇ ਆਧਾਰ ’ਤੇ ਅੰਤ੍ਰਿੰਗ ਕਮੇਟੀ ਨੇ ਸਹਾਇਤਾ ਮਨਜ਼ੂਰ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀਆਂ ਨੂੰ ਇਸ ਫੰਡ ਵਿੱਚੋਂ ਸਮੇਂ-ਸਮੇਂ ’ਤੇ ਸਹਾਇਤਾ ਦਿੱਤੀ ਜਾਂਦੀ ਹੈ।
ਐਡਵੋਕੇਟ ਧਾਮੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਵੱਲੋਂ ਕੀਤੇ ਦਾਅਵਿਆਂ ’ਤੇ ਵੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਜਾਰੀ ਹੋਣ ਦੇ ਬਾਵਜੂਦ ਕਿਸੇ ਵਿਅਕਤੀ ਦੇ ਫੋਨ ਰਿਕਾਰਡ ਨੂੰ ਜਨਤਕ ਕਰਨਾ ਜਾਂ ਬਿਨਾਂ ਠੋਸ ਸਬੂਤਾਂ ਦੇ ਦੋਸ਼ ਲਗਾਉਣਾ ਠੀਕ ਨਹੀਂ ਹੈ। ਉਨ੍ਹਾਂ ਆਪਣੇ ਉੱਤੇ ਲਗਾਏ ਗਏ ਬੀਬੀ ਨਾਲ ਮੁਲਾਕਾਤ ਸਬੰਧੀ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੱਤਾ।
ਧਾਮੀ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਅਤੇ ਪੂਰੀ ਜਾਂਚ ਹੋਣੀ ਜ਼ਰੂਰੀ ਹੈ ਤਾਂ ਜੋ ਅਸਲ ਤੱਥ ਸੰਗਤਾਂ ਦੇ ਸਾਹਮਣੇ ਆ ਸਕਣ। ਉਨ੍ਹਾਂ ਮੁੜ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਪੜਤਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਕਾਰਵਾਈ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਅਤੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਾਂ ਵਿੱਚ ਹੈਲਪਰ ਵਜੋਂ ਤਾਇਨਾਤ ਭਾਈ ਪ੍ਰਭਜੋਤ ਸਿੰਘ ਦੀ ਤਬਦੀਲੀ ਕੀਤੀ ਗਈ ਹੈ। ਮਾਮਲੇ ਸਬੰਧੀ ਵਿਭਾਗੀ ਜਾਂਚ ਅੱਗੇ ਵੀ ਜਾਰੀ ਰਹੇਗੀ।
Get all latest content delivered to your email a few times a month.