ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਸਰਾਂ 'ਚ ਇੱਕ ਮਹਿਲਾ ਦੇ ਠਹਿਰਾਅ ਨਾਲ ਜੁੜੇ ਵਿਵਾਦ 'ਤੇ ਪ੍ਰੈੱਸ ਕਾਨਫਰੰਸ ਕਰਕੇ ਸਬ-ਕਮੇਟੀ ਦੀ ਮੁੱਢਲੀ ਜਾਂਚ ਰਿਪੋਰਟ ਜਨਤਕ ਕੀਤੀ ਹੈ। ਧਾਮੀ ਨੇ ਦਾਅਵਾ ਕੀਤਾ ਕਿ ਸੰਸਥਾ ਦੀ ਸਾਖ਼ ਨੂੰ ਠੇਸ ਪਹੁੰਚਾਉਣ ਲਈ ਵਿਰੋਧੀਆਂ ਅਤੇ ਅਸਮਾਜਿਕ ਤੱਤਾਂ ਵੱਲੋਂ ਮਨਘੜਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਮੂਲ ਰਜਿਸਟਰ ਦਿਖਾਉਂਦਿਆਂ ਧਾਮੀ ਨੇ ਦੱਸਿਆ ਕਿ ਸਰਾਂ ਦੇ ਰਿਕਾਰਡ (ਐਂਟਰੀ ਨੰਬਰ 246 ਤੋਂ 281) 'ਚ ਵੱਡੇ ਪੱਧਰ 'ਤੇ ਕੱਟ-ਛਾਂਟ ਅਤੇ ਫੇਰਬਦਲ ਕੀਤਾ ਗਿਆ ਹੈ। ਰਜਿਸਟਰ ਵਿੱਚ ਵਾਧੂ ਲਾਈਨਾਂ ਜੋੜ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮਹਿਲਾ ਲਗਾਤਾਰ 6 ਮਹੀਨੇ ਉੱਥੇ ਰਹੀ। ਧਾਮੀ ਮੁਤਾਬਕ, ਜਾਂਚ ਦੌਰਾਨ ਸਾਹਮਣੇ ਆਇਆ ਕਿ ਸਬੰਧਤ ਮਹਿਲਾ ਵੱਖ-ਵੱਖ ਸਮੇਂ 'ਚ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਸੀਮਤ ਸਮੇਂ ਲਈ ਠਹਿਰੀ ਸੀ ਅਤੇ ਨਿਰਧਾਰਤ ਕਿਰਾਇਆ ਵੀ ਅਦਾ ਕੀਤਾ ਸੀ। ਅਜਿਹੇ 'ਚ ਉਸ ਦਾ ਇੱਕੋ ਸਮੇਂ 6 ਮਹੀਨੇ ਲਗਾਤਾਰ ਰਹਿਣਾ ਪੂਰੀ ਤਰ੍ਹਾਂ ਅਸੰਭਵ ਹੈ।
SGPC ਪ੍ਰਧਾਨ ਨੇ ਮਹਿਲਾ ਨੂੰ ਕੋਈ ਵੀ ਸਰਕਾਰੀ ਗੱਡੀ, ਡਰਾਈਵਰ ਜਾਂ ਵਿਸ਼ੇਸ਼ VIP ਸਹੂਲਤਾਂ ਦੇਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਮਹਿਲਾ ਨੂੰ ਦਿੱਤੀ ਗਈ 1 ਲੱਖ ਰੁਪਏ ਦੀ ਆਰਥਿਕ ਸਹਾਇਤਾ 'ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੰਗਰੂਰ ਨਿਵਾਸੀ ਮਹਿਲਾ ਵੱਲੋਂ ਖ਼ਰਾਬ ਸਿਹਤ ਅਤੇ ਮਾਨਸਿਕ ਤਣਾਅ ਦੇ ਇਲਾਜ ਲਈ ਅਰਜ਼ੀ ਦਿੱਤੀ ਗਈ ਸੀ। ਅੰਤ੍ਰਿੰਗ ਕਮੇਟੀ ਨੇ ਨਿਯਮਾਂ ਅਨੁਸਾਰ ਧਰਮਾਰਥ ਫੰਡ 'ਚੋਂ ਇਹ ਮਦਦ ਮਨਜ਼ੂਰ ਕੀਤੀ ਸੀ।
ਧਾਮੀ ਨੇ ਸਪੱਸ਼ਟ ਕੀਤਾ ਕਿ ਜੇਕਰ ਰਿਕਾਰਡ ਨਾਲ ਛੇੜਛਾੜ 'ਚ ਕਿਸੇ ਕਰਮਚਾਰੀ ਦੀ ਮਿਲੀਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲਿਖਾਈ ਦੀ ਪੁਸ਼ਟੀ ਲਈ ਹੈਂਡਰਾਈਟਿੰਗ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ਅਤੇ ਮੀਡੀਆ ਜਗਤ ਨੂੰ ਅਪੀਲ ਕੀਤੀ ਕਿ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਇੱਕਤਰਫ਼ਾ ਬਿਆਨਾਂ ਦੇ ਆਧਾਰ 'ਤੇ ਮੀਡੀਆ ਟ੍ਰਾਇਲ ਕਰਨ ਤੋਂ ਗੁਰੇਜ਼ ਕੀਤਾ ਜਾਵੇ।
Get all latest content delivered to your email a few times a month.