ਤਾਜਾ ਖਬਰਾਂ
ਸਾਊਦੀ ਅਰਬ ਦੀ ਅਦਾਲਤ ਵੱਲੋਂ ਪੰਜਾਬ ਦੇ ਦੋ ਨੌਜਵਾਨਾਂ ਨੂੰ ਕਤਲ ਕੇਸ ਵਿੱਚ ਸਿਰ ਕਲਮ (ਮੌਤ ਦੀ ਸਜ਼ਾ) ਕਰਨ ਦਾ ਹੁਕਮ ਸੁਣਾਏ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਗਹਿਰਾ ਸਦਮਾ ਅਤੇ ਚਿੰਤਾ ਦਾ ਮਾਹੌਲ ਹੈ। ਪ੍ਰਭਾਵਿਤ ਨੌਜਵਾਨਾਂ ਵਿੱਚ ਹਲਕਾ ਸਮਰਾਲਾ ਦੇ ਪਿੰਡ ਮਾਣਕੀ ਦਾ ਰਹਿਣ ਵਾਲਾ ਸੁਖਚੈਨ ਸਿੰਘ (29) ਅਤੇ ਚਮਕੌਰ ਸਾਹਿਬ ਦੇ ਪਿੰਡ ਬਰਸਾਲਪੁਰ ਦਾ ਗੁਰਦੀਪ ਸਿੰਘ ਸ਼ਾਮਲ ਹਨ। ਨੌਜਵਾਨਾਂ ਦੀ ਜਾਨ ਬਚਾਉਣ ਲਈ ਪਰਿਵਾਰਾਂ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਅੱਗੇ ਕੂਟਨੀਤਕ ਅਤੇ ਕਾਨੂੰਨੀ ਮਦਦ ਲਈ ਗੁਹਾਰ ਲਗਾਈ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਈ 2025 ਵਿੱਚ ਸਾਊਦੀ ਅਰਬ ਵਿੱਚ ਇੱਕ ਝਗੜੇ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਉੱਥੋਂ ਦੀ ਪੁਲਿਸ ਨੇ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ 29 ਸਤੰਬਰ ਨੂੰ ਸਾਊਦੀ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਅਤੇ ਸਜ਼ਾ 'ਤੇ ਅਮਲ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ।
ਸੁਖਚੈਨ ਸਿੰਘ ਦੇ ਪਿਤਾ ਛਿੰਦਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੁਖਚੈਨ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਅਤੇ ਪੂਰੇ ਪਰਿਵਾਰ ਦਾ ਗੁਜ਼ਾਰਾ ਉਸ 'ਤੇ ਹੀ ਨਿਰਭਰ ਹੈ। ਭਾਵੁਕ ਹੁੰਦਿਆਂ ਮਾਤਾ ਕੁਲਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਰਤੀ ਦੂਤਾਵਾਸ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇਵੇ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਸਜ਼ਾ ਮਾਫ਼ ਕਰਵਾ ਕੇ ਉਸ ਨੂੰ ਸੁਰੱਖਿਅਤ ਵਤਨ ਵਾਪਸ ਲਿਆਂਦਾ ਜਾ ਸਕੇ।
Get all latest content delivered to your email a few times a month.