ਤਾਜਾ ਖਬਰਾਂ
ਫ਼ਰੀਦਕੋਟ ਦੀ ਲੱਬੂ ਰਾਮ ਸਟਰੀਟ ਵਿੱਚ ਸੋਮਵਾਰ ਸਵੇਰੇ ਇੱਕ ਬੰਦ ਪਏ ਮਕਾਨ ਵਿੱਚ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਅੰਦਰ ਪਏ ਦੋ ਗੈਸ ਸਿਲੰਡਰ ਇੱਕ ਤੋਂ ਬਾਅਦ ਇੱਕ ਧਮਾਕਿਆਂ ਨਾਲ ਫਟ ਗਏ। ਧਮਾਕਿਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਡੇਰਾ ਸਤਿ ਕਰਤਾਰ ਨੇੜੇ ਸਥਿਤ ਲੱਬੂ ਰਾਮ ਸਟਰੀਟ ਵਿਖੇ ਸਵੇਰੇ ਕਰੀਬ 10:15 ਵਜੇ ਵਾਪਰੀ। ਮਕਾਨ ਮਾਲਕ ਸ਼ਾਮ ਲਾਲ ਧੀਂਗੜਾ ਆਪਣੇ ਪਰਿਵਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਇਸ ਕਾਰਨ ਘਟਨਾ ਸਮੇਂ ਘਰ ਪੂਰੀ ਤਰ੍ਹਾਂ ਖਾਲੀ ਸੀ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਆਂਢ-ਗੁਆਂਢ ਦੇ ਲੋਕਾਂ ਨੇ ਜਦੋਂ ਮਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਫ਼ਾਇਰ ਬ੍ਰਿਗੇਡ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਫ਼ਾਇਰ ਅਫ਼ਸਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚੀ। ਅੱਗ ਦੀ ਤੀਬਰਤਾ ਨੂੰ ਦੇਖਦਿਆਂ ਦੋ ਫ਼ਾਇਰ ਟੈਂਡਰਾਂ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਅੱਗ ਬੁਝਣ ਤੱਕ ਮਕਾਨ ਅੰਦਰ ਪਿਆ ਕਾਫ਼ੀ ਘਰੇਲੂ ਸਾਮਾਨ ਸੜ ਚੁੱਕਾ ਸੀ। ਪੀੜਤ ਪਰਿਵਾਰ ਮੁਤਾਬਕ ਹਾਦਸੇ ਕਾਰਨ ਕਰੀਬ 1.5 ਤੋਂ 2 ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਪਰਿਵਾਰ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਰਥਿਕ ਮਦਦ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਫ਼ਾਇਰ ਅਫ਼ਸਰ ਸੁਖਵਿੰਦਰ ਸਿੰਘ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਗੈਸ ਲੀਕੇਜ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਘਰ ਵਿੱਚ ਮੌਜੂਦ ਦੋ ਸਿਲੰਡਰ ਧਮਾਕਿਆਂ ਨਾਲ ਫਟ ਗਏ। ਗਨੀਮਤ ਰਹੀ ਕਿ ਘਰ ਵਿੱਚ ਉਸ ਸਮੇਂ ਕੋਈ ਮੌਜੂਦ ਨਾ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
Get all latest content delivered to your email a few times a month.