ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਕਾਂਗਰਸ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਸਿਵਲ ਲਾਈਨ ਪੁਲਿਸ ਵੱਲੋਂ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਦਿਨੇਸ਼ ਬੱਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਬੱਸੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕਾਂਗਰਸ ਦੇ ਕੌਂਸਲਰਾਂ ਅਤੇ ਸਮਰਥਕਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨਾਲ ਕਾਂਗਰਸੀ ਆਗੂਆਂ ਦੀ ਤਕਰਾਰ ਵੀ ਹੋਈ। ਪੁਲਿਸ ਨੇ ਕੁਝ ਕੌਂਸਲਰਾਂ ਨੂੰ ਕਥਿਤ ਤੌਰ ’ਤੇ ਥਾਣੇ ਤੋਂ ਬਾਹਰ ਕੱਢ ਦਿੱਤਾ।
ਮਾਮਲੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਥਾਣੇ ਦੇ ਬਾਹਰ ਪਹੁੰਚੇ ਅਤੇ ਧਰਨੇ ’ਤੇ ਬੈਠੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ। ਹੰਗਾਮੇ ਦੇ ਵਿਚਕਾਰ ਪੁਲਿਸ ਵੱਲੋਂ ਥਾਣੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਦਿਨੇਸ਼ ਬੱਸੀ, ਉਸਦੇ ਪੁੱਤਰ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕਰੀਬ 50 ਲੱਖ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਦੀ ਜਾਂਚ ਤਹਿਤ ਬੱਸੀ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਫਿਲਹਾਲ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਾਨੂੰਨ ਮੁਤਾਬਕ ਕੀਤੀ ਜਾ ਰਹੀ ਹੈ।
Get all latest content delivered to your email a few times a month.