ਤਾਜਾ ਖਬਰਾਂ
ਖੰਨਾ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੇ ਹੀ ਇੱਕ ਕਾਂਸਟੇਬਲ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇੱਕ ਹੋਮਗਾਰਡ ਜਵਾਨ ਨੂੰ ਵੀ ਡਿਊਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਗਿਆ। ਦੋਵਾਂ ਖ਼ਿਲਾਫ਼ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਵਿਭਾਗੀ ਪੱਧਰ ’ਤੇ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਕੁਝ ਪੁਲਿਸ ਕਰਮਚਾਰੀਆਂ ਦੇ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਖੰਨਾ ਵਿੱਚ ਤਾਇਨਾਤ ਕਾਂਸਟੇਬਲ ਅਰੁਣ ਸ਼ਰਮਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਾਂਸਟੇਬਲ ’ਤੇ ਖੁਦ ਨਸ਼ਾ ਕਰਨ ਦੇ ਨਾਲ-ਨਾਲ ਹੈਰੋਇਨ ਦੀ ਸਪਲਾਈ ਨਾਲ ਜੁੜੇ ਹੋਣ ਦੇ ਦੋਸ਼ ਹਨ। ਉਸ ਖ਼ਿਲਾਫ਼ ਸਿਟੀ-2 ਥਾਣਾ ਖੰਨਾ ਵਿੱਚ ਮਾਮਲਾ ਦਰਜ ਕਰਕੇ ਉਸਦੇ ਕਥਿਤ ਡਰੱਗ ਨੈੱਟਵਰਕ ਅਤੇ ਹੋਰ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਖੰਨਾ ਪੁਲਿਸ ਨੇ ਹੋਮਗਾਰਡ ਕਾਂਸਟੇਬਲ ਪ੍ਰਿੰਸ ਨੂੰ ਵੀ ਡਿਊਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਫੜਿਆ। ਸ਼ੱਕ ਦੇ ਆਧਾਰ ’ਤੇ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਡੋਪ ਟੈਸਟ ਲਈ ਲਿਜਾਇਆ ਗਿਆ, ਜਿੱਥੇ ਉਸਦੀ ਰਿਪੋਰਟ ਪੌਜ਼ੀਟਿਵ ਆਈ। ਇਸ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਵੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.