ਤਾਜਾ ਖਬਰਾਂ
ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦੀ ਅਹਿਮ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਨੂੰ ਸਫਲ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕਰਦਿਆਂ ਵੱਧ ਤੋਂ ਵੱਧ ਮੁਲਾਜ਼ਮਾਂ ਦੀ ਰੈਲੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਦਾ ਫੈਸਲਾ ਲਿਆ ਗਿਆ।
ਕਮੇਟੀ ਵੱਲੋਂ ਇਸ ਸਬੰਧੀ ਮੁਲਾਜ਼ਮਾਂ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ 7 ਅਕਤੂਬਰ ਨੂੰ ਮਿੰਨੀ ਸਕੱਤਰੇਤ ਵਿਖੇ ਸਵੇਰ ਸਮੇਂ ਰੈਲੀ ਕੀਤੀ ਜਾਵੇਗੀ। ਇਸ ਦੌਰਾਨ ਮੁਲਾਜ਼ਮਾਂ ਨੂੰ ਸੰਗਰੂਰ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਨ ਦੇ ਨਾਲ-ਨਾਲ ਰੈਲੀ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਮੀਟਿੰਗ ਵਿੱਚ 5 ਅਕਤੂਬਰ 2026 ਨੂੰ ਡੀਏ (ਮਹਿੰਗਾਈ ਭੱਤੇ) ਨਾਲ ਸਬੰਧਤ ਅਦਾਲਤੀ ਮਾਮਲੇ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਇਕਜੁੱਟਤਾ ਅਤੇ ਵੱਡੀ ਸ਼ਮੂਲੀਅਤ ਹੀ ਸਰਕਾਰ ਦਾ ਧਿਆਨ ਜਾਇਜ਼ ਮੰਗਾਂ ਵੱਲ ਖਿੱਚਣ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਕਮੇਟੀ ਅਨੁਸਾਰ ਸੰਘਰਸ਼ ਦੀਆਂ ਮੁੱਖ ਮੰਗਾਂ ਵਿੱਚ 17-07-2020 ਦੇ ਪੱਤਰ ਨੂੰ ਰੱਦ ਕਰਵਾਉਣਾ, 15-01-2015 ਨਾਲ ਸਬੰਧਤ ਪੱਤਰ ਰੱਦ ਕਰਵਾਉਣਾ, ਆਊਟਸੋਰਸ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ਅਤੇ 4-9-14 ਏਸੀਪੀ ਨਾਲ ਸਬੰਧਤ ਮੰਗਾਂ ਸ਼ਾਮਲ ਹਨ।
ਕਮੇਟੀ ਨੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਨੂੰ ਸੰਗਰੂਰ ਪਹੁੰਚ ਕੇ ਮਹਾਂ ਰੈਲੀ ਨੂੰ ਸਫਲ ਬਣਾਉਣ ਅਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ। ਮੀਟਿੰਗ ਵਿੱਚ ਸੁਚਚੈਨ ਖਹਿਰਾ, ਮਨਜੀਤ ਸਿੰਘ ਰੰਧਾਵਾ, ਸਾਹੀਲ ਸ਼ਰਮਾ, ਜਸਵੀਰ ਕੌਰ, ਸੁਦੇਸ਼ ਕੁਮਾਰੀ, ਅਲਕਾ ਚੋਪੜਾ, ਬਲਰਾਜ ਸਿੰਘ ਦਾਉ, ਜਗਤਾਰ ਸਿੰਘ ਅਤੇ ਬਜਰੰਗੀ ਯਾਦਵ ਸਮੇਤ ਹੋਰ ਆਗੂ ਹਾਜ਼ਰ ਸਨ।
Get all latest content delivered to your email a few times a month.