ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਹੋਣ ਵਾਲੀ ਫੇਰੀ ਤੋਂ ਪਹਿਲਾਂ ਪੁਲਿਸ ਵੱਲੋਂ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੇ ਕਈ ਆਗੂਆਂ ਨੂੰ ਤੜਕਸਾਰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਾਰਵਾਈ ਤੋਂ ਬਾਅਦ ਅਧਿਆਪਕ ਵਰਗ ਵਿੱਚ ਰੋਸ ਦੇ ਨਾਲ-ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਅਧਿਆਪਕ ਆਗੂਆਂ ਗੁਰਦਾਸ ਸਿੰਘ ਰਾਏਪੁਰ, ਅਮੋਲਕ ਸਿੰਘ ਡੇਲੂਆਣਾ, ਰਾਜਵਿੰਦਰ ਸਿੰਘ ਬੈਹਣੀਵਾਲ, ਸੰਦੀਪ ਵਾਲੀਆ, ਜਸਬੀਰ ਭੰਮੇ ਅਤੇ ਬੇਅੰਤ ਸਿੰਘ ਰੜ੍ਹ ਮੁਤਾਬਕ ਪੁਲਿਸ ਨੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਨਾਲ ਸਬੰਧਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ, ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਸਮੇਤ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਪੁਲਿਸ ਥਾਣਿਆਂ ਵਿੱਚ ਲਿਜਾਇਆ ਗਿਆ। ਜਥੇਬੰਦੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕੁਝ ਹੋਰ ਅਧਿਆਪਕ ਆਗੂ ਆਪਣੇ ਘਰਾਂ ਤੋਂ ਬਾਹਰ ਚਲੇ ਗਏ। ਇਸ ਕਾਰਨ ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਗੈਰਹਾਜ਼ਰੀ ਦੀਆਂ ਸੂਚਨਾਵਾਂ ਵੀ ਸਾਹਮਣੇ ਆਈਆਂ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਉਡੀਕ ਕਰਨੀ ਪਈ।
ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ, ਡੀਏ, 17-7-2020 ਅਤੇ 15-1-2015 ਦੇ ਪੱਤਰ ਵਾਪਸ ਲੈਣ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਏਸੀਪੀ, ਵੱਖ-ਵੱਖ ਭੱਤਿਆਂ ਅਤੇ ਪੈਨਸ਼ਨਰਾਂ ਲਈ 2.59 ਦੇ ਗੁਣਾਂਕ ਸਮੇਤ ਕਈ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ।
ਜਥੇਬੰਦੀ ਆਗੂਆਂ ਦਾ ਦੋਸ਼ ਹੈ ਕਿ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਦਾ ਦੌਰਾ ਕਰਦੇ ਹਨ, ਉਸ ਤੋਂ ਪਹਿਲਾਂ ਇਨ੍ਹਾਂ ਆਗੂਆਂ ਦੇ ਘਰਾਂ ’ਤੇ ਪੁਲਿਸ ਵੱਲੋਂ ਛਾਪੇਮਾਰੀ ਜਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਥੇਬੰਦਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
Get all latest content delivered to your email a few times a month.