ਤਾਜਾ ਖਬਰਾਂ
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਦੀ ਪਾਵਰ ਕਲੋਨੀ ਸਥਿਤ ਜੀ.ਜੀ.ਐੱਸ.ਟੀ.ਪੀ. ਮਾਡਲ ਹਾਈ ਸਕੂਲ ਦੀ ਮੌਜੂਦਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਸਕੂਲ ਦਾ ਦੌਰਾ ਕਰਨ ਮੌਕੇ ਡਾ. ਚੀਮਾ ਨੇ ਕਿਹਾ ਕਿ ਕਦੇ ਸ਼ਾਨਦਾਰ ਸਹੂਲਤਾਂ ਵਾਲੀ ਇਹ ਇਮਾਰਤ ਸਰਕਾਰੀ ਅਣਦੇਖੀ ਕਾਰਨ ਖੰਡਰ ਬਣ ਚੁੱਕੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਕੂਲ ਪਹਿਲਾਂ 100 ਫ਼ੀਸਦੀ ਨਤੀਜਿਆਂ ਲਈ ਜਾਣਿਆ ਜਾਂਦਾ ਸੀ ਅਤੇ ਇੱਥੋਂ ਕਈ ਖੇਡਾਂ ਵਿੱਚ ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਤਿਆਰ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਇਸ ਸਕੂਲ ਨੂੰ ਚਲਾਉਣ ਦੇ ਸਮਰੱਥ ਨਹੀਂ ਸੀ ਤਾਂ ਸਰਕਾਰ ਨੂੰ ਇਸ ਨੂੰ ਸਿੱਖਿਆ ਵਿਭਾਗ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ, ਨਾ ਕਿ ਸਕੂਲ ਨੂੰ ਬੰਦ ਕਰਕੇ ਇਮਾਰਤ ਨੂੰ ਬੇਕਾਰ ਛੱਡਣਾ ਚਾਹੀਦਾ ਸੀ।
ਡਾ. ਚੀਮਾ ਨੇ ਕਿਹਾ ਕਿ ਰੂਪਨਗਰ ਸ਼ਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਕੂਲ ਦੀ ਲੋੜ ਹੋਰ ਵਧੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਬੰਦ ਹੋਣ ਨਾਲ ਰੂਪਨਗਰ ਸ਼ਹਿਰ ਦੇ ਨਾਲ-ਨਾਲ ਨੇੜਲੇ ਦਰਜਨਾਂ ਪਿੰਡਾਂ ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ।
ਉਨ੍ਹਾਂ ਹਲਕਾ ਵਿਧਾਇਕ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਸਰਕਾਰ ਇਸ ਸਕੂਲ ਨੂੰ ਮੁੜ ਚਾਲੂ ਕਰਨ ਲਈ ਕੋਈ ਠੋਸ ਕਦਮ ਚੁੱਕੇਗੀ। ਇਸ ਮੌਕੇ ਪਾਵਰ ਕਲੋਨੀ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੀ ਹਾਜ਼ਰ ਸਨ।
Get all latest content delivered to your email a few times a month.