ਤਾਜਾ ਖਬਰਾਂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਦਾ ਆਗਾਜ਼ ਕਰਨ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਡਾ. ਮਨਮੋਹਨ ਸਿੰਘ ਦੀ ਧਰਮਪਤਨੀ ਗੁਰਸ਼ਰਨ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਪੰਜਾਬੀਅਤ, ਸਿੱਖੀ ਅਤੇ ਦੇਸ਼ ਦੇ ਅਜਿਹੇ ਮਹਾਨ ਨੇਤਾ ਹਨ, ਜਿਨ੍ਹਾਂ ਨੇ ਆਰਥਿਕ ਮਜ਼ਬੂਤੀ ਦੇ ਨਾਲ-ਨਾਲ ਇਮਾਨਦਾਰੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਰਾਜਨੀਤਿਕ ਪ੍ਰਬੰਧ ਨੇ ਉਨ੍ਹਾਂ ਦੁਆਰਾ ਸਥਾਪਿਤ ਕੀਤੀਆਂ ਦੇਸ਼ ਦੀਆਂ ਮਜ਼ਬੂਤ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਦਾ ਮੁੱਖ ਮਕਸਦ ਉਸੇ ਸੋਚ ਅਤੇ ਭਾਵਨਾ ਨੂੰ ਪੰਜਾਬ ਵਿੱਚ ਮੁੜ ਸੁਰਜੀਤ ਕਰਕੇ ਸੂਬੇ ਨੂੰ ਤਰੱਕੀ ਦੀ ਲੀਹ 'ਤੇ ਲਿਆਉਣਾ ਹੈ।
ਅੰਮ੍ਰਿਤਸਰ ਵਿੱਚ ਹੋਏ ਚਰਚਿਤ ਹੱਤਿਆਕਾਂਡ ਅਤੇ ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਲਏ ਜਾਣ ਦੇ ਮੁੱਦੇ 'ਤੇ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ, ਪਰ ਸਿਆਸੀ ਅਤੇ ਪੁਲਿਸ ਲੀਡਰਸ਼ਿਪ ਦੀ ਘਾਟ ਕਾਰਨ ਅਪਰਾਧਿਕ ਘਟਨਾਵਾਂ 'ਤੇ ਠੱਲ੍ਹ ਨਹੀਂ ਪਾਈ ਜਾ ਰਹੀ। ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬੀਅਤ ਨਾ ਤਾਂ ਧਾੜਵੀਆਂ ਨੂੰ ਬਰਦਾਸ਼ਤ ਕਰਦੀ ਹੈ ਅਤੇ ਨਾ ਹੀ ਨਫ਼ਰਤ ਫੈਲਾਉਣ ਵਾਲਿਆਂ ਨੂੰ, ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਸ਼ਾਨ ਮੁੜ ਬਹਾਲ ਕੀਤੀ ਜਾਵੇਗੀ।
Get all latest content delivered to your email a few times a month.