ਤਾਜਾ ਖਬਰਾਂ
ਲਲਹੇੜੀ ਰੋਡ ਓਵਰਬ੍ਰਿਜ 'ਤੇ ਦੇਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਬਬਲੂ (30), ਨਿਵਾਸੀ ਦਲੀਪ ਨਗਰ (ਖੰਨਾ) ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਫੋਟੋ ਫਰੇਮਿੰਗ ਦਾ ਕੰਮ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਬਬਲੂ ਬੁੱਕ ਮਾਰਕੀਟ ਸਥਿਤ ਆਪਣੀ ਦੁਕਾਨ ਤੋਂ ਕੰਮ ਨਿਬੇੜ ਕੇ ਰਾਤ ਕਰੀਬ 9 ਵਜੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਜਿਵੇਂ ਹੀ ਉਹ ਲਲਹੇੜੀ ਰੋਡ ਪੁਲ 'ਤੇ ਪਹੁੰਚਿਆ, ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ 112 ਐਮਰਜੈਂਸੀ ਟੀਮ ਦੇ ਮੁਲਾਜ਼ਮ ਮਹਿੰਦਰ ਸਿੰਘ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਇਲਾਕਾ ਨਿਵਾਸੀ ਹਸਪਤਾਲ ਪਹੁੰਚ ਗਏ। ਰੋਂਦੇ-ਕੁਰਲਾਉਂਦੇ ਪਰਿਵਾਰ ਨੇ ਦੱਸਿਆ ਕਿ ਬਬਲੂ ਹੀ ਘਰ 'ਚ ਇਕੱਲਾ ਕਮਾਉਣ ਵਾਲਾ ਸਹਾਰਾ ਸੀ। ਉਸ ਦੇ ਦੋ ਛੋਟੇ ਬੱਚੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੇ ਘਰ ਧੀ ਨੇ ਜਨਮ ਲਿਆ ਸੀ। ਇਸ ਅਚਾਨਕ ਵਾਪਰੀ ਘਟਨਾ ਨਾਲ ਪਰਿਵਾਰ 'ਤੇ ਗੰਭੀਰ ਆਰਥਿਕ ਅਤੇ ਮਾਨਸਿਕ ਸੰਕਟ ਆ ਪਿਆ ਹੈ।
Get all latest content delivered to your email a few times a month.