IMG-LOGO
ਹੋਮ ਪੰਜਾਬ, ਮਨੋਰੰਜਨ, ਅੰਮ੍ਰਿਤਸਰ 'ਚ ਡਿਜੀਟਲ ਕ੍ਰਿਏਟਰ 'ਮੈਡ ਸੰਧੂ' ਦਾ ਸ਼ਰੇਆਮ ਕਤਲ: ਗੈਂਗਸਟਰਾਂ...

ਅੰਮ੍ਰਿਤਸਰ 'ਚ ਡਿਜੀਟਲ ਕ੍ਰਿਏਟਰ 'ਮੈਡ ਸੰਧੂ' ਦਾ ਸ਼ਰੇਆਮ ਕਤਲ: ਗੈਂਗਸਟਰਾਂ ਨੇ ਲਈ ਜ਼ਿੰਮੇਵਾਰੀ, ਸਕੂਲਾਂ ਤੇ ਪ੍ਰਮੋਟਰਾਂ ਨੂੰ ਦਿੱਤੀ ਧਮਕੀ

Admin User - Oct 04, 2026 10:20 AM
IMG

ਅੰਮ੍ਰਿਤਸਰ ਦੇ ਸੰਘਣੀ ਆਬਾਦੀ ਵਾਲੇ ਲੋਹਾਰਕਾ ਰੋਡ 'ਤੇ ਸ਼ਾਮ ਵੇਲੇ ਵਾਪਰੀ ਇੱਕ ਸਨਸਨੀਖੇਜ਼ ਵਾਰਦਾਤ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅਪ ਆਰਟਿਸਟ 'ਮੈਡ ਸੰਧੂ' ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਕਥਿਤ ਪੋਸਟ ਨੇ ਮਾਮਲੇ ਨੂੰ ਹੋਰ ਭਖਾ ਦਿੱਤਾ ਹੈ, ਜਿਸ ਵਿੱਚ ਗੈਂਗਸਟਰ ਗੋਲਡੀ ਢਿੱਲੋਂ ਅਤੇ ਜੱਗਾ ਤਰਨਤਾਰਨ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ।


ਚਸ਼ਮਦੀਦਾਂ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮੈਡ ਸੰਧੂ ਸ਼ਾਮ ਕਰੀਬ 6 ਵਜੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਸਰਵਿਸ ਸੈਂਟਰ ਤੋਂ ਆਪਣੀ ਥਾਰ ਗੱਡੀ ਲੈਣ ਪਹੁੰਚੇ ਸਨ। ਇਸੇ ਦੌਰਾਨ ਮੋਟਰਸਾਈਕਲ 'ਤੇ ਆਏ ਦੋ ਮੁੱਖ ਢੱਕੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇੱਕ ਹਮਲਾਵਰ ਮੋਟਰਸਾਈਕਲ 'ਤੇ ਤਿਆਰ ਖੜ੍ਹਾ ਰਿਹਾ, ਜਦਕਿ ਦੂਜੇ ਸ਼ੂਟਰ ਨੇ ਬਿਲਕੁਲ ਨੇੜਿਓਂ ਸੰਧੂ 'ਤੇ 4 ਤੋਂ 5 ਰਾਊਂਡ ਅੰਨ੍ਹੇਵਾਹ ਫਾਇਰ ਕਰ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਪਿੰਡਾਂ ਵਾਲੇ ਪਾਸੇ ਫ਼ਰਾਰ ਹੋ ਗਏ। ਗੰਭੀਰ ਰੂਪ ਵਿੱਚ ਜ਼ਖ਼ਮੀ ਸੰਧੂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਤਯਾਧਿਕ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।


ਹੱਤਿਆ ਤੋਂ ਬਾਅਦ ਸਾਹਮਣੇ ਆਈ ਵਾਇਰਲ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਇਨਫਲੂਐਂਸਰ ਨਵੀਂ ਪੀੜ੍ਹੀ ਦਾ ਮਾਰਗ ਭਟਕਾ ਰਹੇ ਹਨ। ਪੋਸਟ 'ਚ ਇਨ੍ਹਾਂ ਨੂੰ ਸਮਾਗਮਾਂ 'ਚ ਮੁੱਖ ਮਹਿਮਾਨ ਵਜੋਂ ਬੁਲਾਉਣ ਵਾਲੇ ਸਕੂਲਾਂ ਅਤੇ ਪ੍ਰਮੋਟਰਾਂ ਨੂੰ 'ਆਖਰੀ ਚੇਤਾਵਨੀ' ਦਿੰਦਿਆਂ ਲਿਖਿਆ ਗਿਆ ਹੈ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ ਅਤੇ ਇੱਥੇ ਯੋਧੇ ਹੀ ਰਹਿਣਗੇ। ਇਸ ਤੋਂ ਇਲਾਵਾ ਸੁਰੱਖਿਆ ਲੈ ਕੇ ਘੁੰਮ ਰਹੇ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਡੀ.ਸੀ.ਪੀ. ਡਾ. ਵੇਨਿਲਾ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੁਲਿਸ ਦੇ ਹੱਥ ਕੁੱਝ ਮਹੱਤਵਪੂਰਨ ਸੁਰਾਗ ਲੱਗੇ ਹਨ। ਦੂਜੇ ਪਾਸੇ, ਸਥਾਨਕ ਨਿਵਾਸੀਆਂ ਅਤੇ ਵਕੀਲਾਂ ਨੇ ਖੇਤਰ 'ਚ ਕਾਨੂੰਨ ਵਿਵਸਥਾ ਦੀ ਖਰਾਬ ਹਾਲਤ 'ਤੇ ਗੰਭੀਰ ਸਵਾਲ ਚੁੱਕੇ ਹਨ। ਲੋਕਾਂ ਦਾ ਦੋਸ਼ ਹੈ ਕਿ ਮਹਿਜ਼ 200 ਮੀਟਰ ਦੂਰ ਬੰਦ ਪਈ ਪੁਲਿਸ ਚੌਕੀ ਅਤੇ ਨਿਯਮਤ ਗਸ਼ਤ ਨਾ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੰਦ ਚੌਕੀ ਨੂੰ ਤੁਰੰਤ ਚਾਲੂ ਕਰਕੇ ਸੁਰੱਖਿਆ ਸਖ਼ਤ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.