ਤਾਜਾ ਖਬਰਾਂ
ਜਲੰਧਰ ਛਾਉਣੀ ਤੋਂ ਵਿਧਾਇਕ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਤੁਰੰਤ ਬਾਅਦ ਸੂਬੇ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਹਾਈਕਮਾਂਡ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਤਿੱਖੇ ਨਿਸ਼ਾਨੇ ਸਾਧੇ ਹਨ।
ਰਵਨੀਤ ਬਿੱਟੂ ਨੇ ਦੋਸ਼ ਲਾਇਆ ਕਿ ਕਾਂਗਰਸ ਲਗਾਤਾਰ ਆਪਣੇ ਪੁਰਾਣੇ ਅਤੇ ਕੱਟੜ ਕੇਡਰ ਨੂੰ ਪਾਸੇ ਕਰਕੇ ਗ਼ੈਰ-ਰਵਾਇਤੀ ਪਿਛੋਕੜ ਵਾਲੇ ਚਿਹਰਿਆਂ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਹਾਲੀਆ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਅਹਿਮ ਮੌਕਿਆਂ 'ਤੇ ਹਮੇਸ਼ਾ ਉਨ੍ਹਾਂ ਆਗੂਆਂ ਨੂੰ ਤਰਜੀਹ ਦਿੱਤੀ ਗਈ ਜੋ ਰਵਾਇਤੀ ਕਾਂਗਰਸੀ ਜਥੇਬੰਦੀ ਤੋਂ ਬਾਹਰੋਂ ਆਏ ਹਨ, ਜਦੋਂਕਿ ਦਹਾਕਿਆਂ ਤੋਂ ਪਾਰਟੀ ਦਾ ਝੰਡਾ ਚੁੱਕਣ ਵਾਲੇ ਜ਼ਮੀਨੀ ਵਰਕਰ ਆਪਣੀ ਵਾਰੀ ਦੀ ਹੀ ਉਡੀਕ ਕਰਦੇ ਰਹਿ ਜਾਂਦੇ ਹਨ।
ਕਾਂਗਰਸ ਦੀ ਮਾਨਸਿਕਤਾ 'ਤੇ ਵਾਰ ਕਰਦਿਆਂ ਬਿੱਟੂ ਨੇ ਕਿਹਾ ਕਿ ਪਾਰਟੀ ਵਿੱਚ "ਵਰਤੋ ਅਤੇ ਸੁੱਟੋ" ਦਾ ਸੱਭਿਆਚਾਰ ਹਾਵੀ ਹੈ, ਜਿਸ ਕਾਰਨ ਵਫ਼ਾਦਾਰ ਆਗੂਆਂ ਵਿੱਚ ਭਾਰੀ ਨਿਰਾਸ਼ਾ ਹੈ। ਇਸ ਪੂਰੇ ਘਟਨਾਕ੍ਰਮ ਲਈ ਸਿੱਧੇ ਤੌਰ 'ਤੇ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਨੀਤੀ ਨੂੰ ਸਮਝਦਿਆਂ ਹੀ ਸਹੀ ਸਮੇਂ 'ਤੇ ਆਪਣਾ ਵੱਖਰਾ ਰਾਹ ਚੁਣਨ ਦਾ ਫ਼ੈਸਲਾ ਲਿਆ ਸੀ, ਕਿਉਂਕਿ ਸਵੈ-ਮਾਣ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅਸਤੀਫ਼ਾ ਸੌਂਪਣ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਰਗਟ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਅਧਿਕਾਰਤ ਐਲਾਨ ਨਾਲ ਹੀ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਰਾਜਾ ਵੜਿੰਗ ਦੀ ਅਗਵਾਈ ਦਾ ਅੰਤ ਹੋ ਗਿਆ ਅਤੇ ਇੱਕ ਨਵਾਂ ਸਿਆਸੀ ਦੌਰ ਸ਼ੁਰੂ ਹੋ ਗਿਆ ਹੈ।
Get all latest content delivered to your email a few times a month.