ਤਾਜਾ ਖਬਰਾਂ
ਮਾਨਾਂਵਾਲਾ-ਤਰਨਤਾਰਨ ਬਾਈਪਾਸ ’ਤੇ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਦੌਰਾਨ ਸਕਾਰਪੀਓ ਵਿੱਚ ਸਵਾਰ ਕਰੀਬ 25 ਸਾਲਾ ਨੌਜਵਾਨ ਗੁਰਿੰਦਰ ਸਿੰਘ ਅੰਦਰ ਹੀ ਫਸ ਗਿਆ, ਜਿਸ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਗੁਰਿੰਦਰ ਸਿੰਘ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਘਰਾਂ ਵਿੱਚ PVC ਫਿਟਿੰਗ ਦਾ ਕੰਮ ਕਰਦਾ ਸੀ। ਉਹ ਕਿਸੇ ਕੰਮ ਲਈ ਸਮਾਨ ਲੈਣ ਵਾਸਤੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਪੁਲਿਸ ਮੁਤਾਬਕ ਸਕਾਰਪੀਓ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾਂਦਿਆਂ ਲੁੱਕ ਨਾਲ ਭਰੇ ਟਿੱਪਰ ਦੇ ਪਿੱਛੇ ਜਾ ਟਕਰਾਈ।
ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਵਿੱਚ ਅੱਗ ਭੜਕ ਉੱਠੀ। ਹਾਦਸੇ ਦੀ ਆਵਾਜ਼ ਸੁਣ ਕੇ ਨੇੜਲੇ ਢਾਬਿਆਂ ਦੇ ਮਾਲਕ ਅਤੇ ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਪਾਣੀ ਦੀਆਂ ਮੋਟਰਾਂ, ਪਾਈਪਾਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਤੀਬਰਤਾ ਕਾਰਨ ਨੌਜਵਾਨ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ।
ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਦੌਰਾਨ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਕਾਫ਼ੀ ਸਮੇਂ ਬਾਅਦ ਤੱਕ ਫਾਇਰ ਬ੍ਰਿਗੇਡ ਮੌਕੇ ’ਤੇ ਨਹੀਂ ਪਹੁੰਚੀ। ਪੁਲਿਸ ਮੁਤਾਬਕ ਅੰਮ੍ਰਿਤਸਰ ਦੀ ਫਾਇਰ ਬ੍ਰਿਗੇਡ ਖ਼ਰਾਬ ਹੋਣ ਕਾਰਨ ਤਰਨਤਾਰਨ ਤੋਂ ਫਾਇਰ ਟੈਂਡਰ ਮੰਗਵਾਉਣਾ ਪਿਆ, ਜਿਸ ਕਾਰਨ ਦੇਰੀ ਹੋਈ।
ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਵਿਅਸਤ ਮਾਰਗਾਂ ’ਤੇ ਐਮਰਜੈਂਸੀ ਸੇਵਾਵਾਂ ਅਤੇ ਫਾਇਰ ਬ੍ਰਿਗੇਡ ਦੇ ਪੱਕੇ ਪ੍ਰਬੰਧ ਕੀਤੇ ਜਾਣ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.