ਤਾਜਾ ਖਬਰਾਂ
ਮੋਹਾਲੀ: ਸ਼ਹਿਰ ਦੇ ਇੱਕ ਪੌਸ਼ ਇਲਾਕੇ ਦੇ ਨੇੜੇ ਸਥਿਤ ਆਰ.ਐਮ.ਸੀ. (RMC) ਪੁਆਇੰਟ 'ਤੇ ਵੀਰਵਾਰ ਦੀ ਸਵੇਰ ਉਸ ਵੇਲੇ ਅਫਰਾ-ਤਫਰੀ 'ਚ ਬਦਲ ਗਈ, ਜਦੋਂ ਉੱਥੇ ਪਏ ਕੂੜੇ ਦੇ ਢੇਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਆਸ-ਪਾਸ ਦੇ ਪੂਰੇ ਇਲਾਕੇ ਨੂੰ ਗੂੜ੍ਹੇ ਧੂੰਏਂ ਦੀ ਲਪੇਟ 'ਚ ਲੈ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ 'ਚ ਜੁਟ ਗਈਆਂ। ਕਾਫ਼ੀ ਸਮੇਂ ਤੱਕ ਅੱਗ ਦੇ ਅੰਗਿਆਰ ਸੁਲਗਦੇ ਰਹੇ। ਆਸਮਾਨ 'ਚ ਛਾਏ ਧੂੰਏਂ ਦੇ ਗੁਬਾਰ ਕਾਰਨ ਸਥਾਨਕ ਨਿਵਾਸੀਆਂ ਨੂੰ ਸਾਹ ਲੈਣ 'ਚ ਤਕਲੀਫ਼ ਹੋਈ ਅਤੇ ਰਾਹਗੀਰਾਂ ਨੂੰ ਵੀ ਆਉਣ-ਜਾਣ ਵੇਲੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਇਸ ਆਰ.ਐਮ.ਸੀ. ਪੁਆਇੰਟ 'ਤੇ ਫੈਲੀ ਬਦਬੂ ਅਤੇ ਗੰਦਗੀ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।
ਅੱਗ ਦੀ ਇਸ ਘਟਨਾ ਨੇ ਸ਼ਹਿਰ ਦੀ ਰਾਜਨੀਤੀ ਵੀ ਗਰਮਾ ਦਿੱਤੀ ਹੈ। ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਥਾਨਕ ਆਗੂ ਮੌਕੇ 'ਤੇ ਪਹੁੰਚੇ ਅਤੇ ਇਸ ਸਮੱਸਿਆ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜੰਮ ਕੇ ਨਿਸ਼ਾਨੇ ਸਾਧੇ।
ਮੌਕੇ 'ਤੇ ਪਹੁੰਚੇ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਨੇ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਆਰ.ਐਮ.ਸੀ. ਪੁਆਇੰਟ ਦੀ ਸਮੱਸਿਆ ਨੂੰ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਾਨੂੰਨੀ ਨੋਟਿਸ ਭੇਜਿਆ ਜਾ ਚੁੱਕਾ ਹੈ ਅਤੇ ਜੇਕਰ ਜਲਦ ਕੋਈ ਪੱਕਾ ਹੱਲ ਨਾ ਕੱਢਿਆ ਗਿਆ, ਤਾਂ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਲੈ ਕੇ ਜਾਣਗੇ।
Get all latest content delivered to your email a few times a month.