ਤਾਜਾ ਖਬਰਾਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਰਾਜ ਦੇ ਲੱਖਾਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਗਲਤ ਜਾਂ ਬਹੁਤ ਜ਼ਿਆਦਾ ਆਏ ਬਿਜਲੀ ਬਿੱਲਾਂ ਦੇ ਬਕਾਏ ਸਿਰ 'ਤੇ ਕੁਨੈਕਸ਼ਨ ਕੱਟਣ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਵੰਡ ਨਿਰਦੇਸ਼ਕ ਵੱਲੋਂ ਸਾਰੇ ਓਪਰੇਸ਼ਨਲ ਜ਼ੋਨਾਂ ਦੇ ਚੀਫ਼ ਇੰਜੀਨੀਅਰਾਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਦਿਨੀਂ ਮੀਟਰ ਰੀਡਰਾਂ ਦੀ ਹੜਤਾਲ ਅਤੇ ਵਿਭਾਗ ਦੇ ਆਨਲਾਈਨ ਸਿਸਟਮ ਨੂੰ SAP ਤੋਂ 'Oracle-ਅਧਾਰਿਤ SBS' ਸਿਸਟਮ ਵਿੱਚ ਸ਼ਿਫਟ ਕਰਨ ਦੌਰਾਨ ਤਕਨੀਕੀ ਖਾਮੀਆਂ ਆਈਆਂ ਸਨ। ਇਸ ਕਾਰਨ ਵੱਡੀ ਗਿਣਤੀ ਖਪਤਕਾਰਾਂ ਨੂੰ ਅੰਦਾਜ਼ਨ ਜਾਂ ਔਸਤ ਦੇ ਆਧਾਰ 'ਤੇ ਭਾਰੀ ਬਿੱਲ ਭੇਜ ਦਿੱਤੇ ਗਏ, ਜੋ ਸਿਸਟਮ 'ਚ ਬਕਾਇਆ ਵਜੋਂ ਦਿਸ ਰਹੇ ਸਨ ਅਤੇ ਫੀਲਡ ਸਟਾਫ਼ ਵੱਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਸੀ।
ਪਾਵਰਕਾਮ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵਾਂ ਆਨਲਾਈਨ ਸਿਸਟਮ ਪੂਰੀ ਤਰ੍ਹਾਂ ਸੁਚਾਰੂ ਨਹੀਂ ਹੋ ਜਾਂਦਾ ਅਤੇ ਖਪਤਕਾਰਾਂ ਦੇ ਗਲਤ ਬਿੱਲ ਦਰੁਸਤ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸੇ ਵੀ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਸਾਰੇ ਫੀਲਡ ਦਫ਼ਤਰਾਂ ਨੂੰ ਇਹ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Get all latest content delivered to your email a few times a month.