ਤਾਜਾ ਖਬਰਾਂ
ਪਠਾਨਕੋਟ ਦੇ ਲਕਸ਼ਮੀ ਗਾਰਡਨ ਕਾਲੋਨੀ (ਢਾਕੀ) ਵਿੱਚ ਸ਼ਿਵ ਸੈਨਾ ਹਿੰਦ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਦੇ 35 ਸਾਲਾ ਭਰਾ ਜਤਿੰਦਰ ਸ਼ਰਮਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਤਿੰਦਰ ਘਰ ਵਿੱਚ ਇਕੱਲੇ ਸਨ ਅਤੇ ਬਾਅਦ ਵਿੱਚ ਉਹ ਗੰਭੀਰ ਜ਼ਖ਼ਮੀ ਹਾਲਤ ਵਿੱਚ ਬੈੱਡਰੂਮ ਤੋਂ ਮਿਲੇ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਨੇ ਜਤਿੰਦਰ ਦੀ ਮੌਤ ਨੂੰ ਕਤਲ ਦੱਸਦਿਆਂ ਉਨ੍ਹਾਂ ਦੇ ਡਰਾਈਵਰ ’ਤੇ ਸ਼ੱਕ ਜਤਾਇਆ ਹੈ। ਪਰਿਵਾਰ ਮੁਤਾਬਕ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਐਤਵਾਰ ਨੂੰ ਸਿਵਲ ਹਸਪਤਾਲ ਵਿੱਚ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ।
ਰਵੀ ਸ਼ਰਮਾ ਦੇ ਦੱਸਣ ਅਨੁਸਾਰ ਪਰਿਵਾਰ ਨੇ ‘ਕਰਨ’ ਨਾਮਕ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਪੁਲਿਸ ਦੇ ਹਵਾਲੇ ਕੀਤਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਗਏ। ਬਾਅਦ ਵਿੱਚ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਉਪਰੰਤ ਥਾਣਾ ਮੁਖੀ ਨੇ ਸ਼ੱਕੀ ਨੂੰ ਮੁੜ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ।
ਪਰਿਵਾਰ ਨੇ ਐਸ.ਐਸ.ਪੀ. ਪਠਾਨਕੋਟ ਤੋਂ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜੇਕਰ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਧਰ ਥਾਣਾ ਡਿਵੀਜ਼ਨ ਨੰਬਰ-2 ਦੇ ਮੁਖੀ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਫ਼ਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.