ਤਾਜਾ ਖਬਰਾਂ
ਲੁਧਿਆਣਾ ਦੇ ਜਨਤਾ ਨਗਰ ਇਲਾਕੇ ਵਿੱਚ ਦੇਰ ਰਾਤ ਮਹਿਲਾ ਦੁਕਾਨਦਾਰ ਨਾਲ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਦੁਕਾਨ ਬੰਦ ਕਰਕੇ ਆਪਣੇ ਨੌਕਰ ਨਾਲ ਐਕਟਿਵਾ ‘ਤੇ ਘਰ ਵਾਪਸ ਜਾ ਰਹੀ ਮਹਿਲਾ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਰਸਤੇ ਵਿੱਚ ਘੇਰ ਲਿਆ ਅਤੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਵਾਰਦਾਤ ਨੇੜੇ ਲੱਗੇ CCTV ਕੈਮਰੇ ਵਿੱਚ ਰਿਕਾਰਡ ਹੋ ਗਈ।
ਜਾਣਕਾਰੀ ਮੁਤਾਬਕ ਮਹਿਲਾ ਦੀ ਜਨਤਾ ਨਗਰ ਵਿੱਚ ਭਾਂਡਿਆਂ ਦੀ ਦੁਕਾਨ ਹੈ। ਰਾਤ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਉਹ ਆਪਣੇ ਨੌਕਰ ਨਾਲ ਐਕਟਿਵਾ ‘ਤੇ ਘਰ ਵੱਲ ਜਾ ਰਹੀ ਸੀ। ਦੁਕਾਨ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ।
CCTV ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ਤੋਂ ਉਤਰਿਆ ਇੱਕ ਨੌਜਵਾਨ ਮਹਿਲਾ ਵੱਲ ਵਧਿਆ ਅਤੇ ਉਸ ਨਾਲ ਝਪਟਾਮਾਰੀ ਕਰਨ ਲੱਗ ਪਿਆ। ਜਦੋਂ ਮਹਿਲਾ ਦਾ ਨੌਕਰ ਉਸ ਦੀ ਮਦਦ ਲਈ ਅੱਗੇ ਆਇਆ ਤਾਂ ਲੁਟੇਰਿਆਂ ਨੇ ਉਸ ਨੂੰ ਧਮਕਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮਹਿਲਾ ਦਾ ਪਰਸ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਰਸ ਵਿੱਚ ਮੋਬਾਈਲ ਫ਼ੋਨ ਅਤੇ ਨਕਦੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਦੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
Get all latest content delivered to your email a few times a month.