ਤਾਜਾ ਖਬਰਾਂ
ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਕੈਬਨਿਟ ਮੰਤਰੀ ਅਤੇ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਡੋਪ ਟੈਸਟ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ। ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸੈਂਪਲ ਲੈਣ ਦੀ ਪ੍ਰਕਿਰਿਆ ਅਤੇ ਹਸਪਤਾਲ ਦੇ ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਦੀ ਭੂਮਿਕਾ ’ਤੇ ਸਵਾਲ ਚੁੱਕੇ।
ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਾਇਆ ਕਿ ਤੈਅ ਸਮੇਂ ਤੋਂ ਕੁਝ ਪਹਿਲਾਂ ਹੀ ਮੰਤਰੀ ਹਸਪਤਾਲ ਪਹੁੰਚੇ ਅਤੇ ਐੱਸਐੱਮਓ ਦੇ ਕਮਰੇ ਵਿੱਚ ਸੈਂਪਲ ਲਿਆ ਗਿਆ। ਉਨ੍ਹਾਂ ਸੈਂਪਲਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਲਾਈਵ ਕੈਮਰੇ ਸਾਹਮਣੇ ਟੈਸਟ ਕਰਵਾਉਣ ਦੀ ਮੰਗ ਕੀਤੀ।
ਵਿਰੋਧੀ ਆਗੂਆਂ ਨੇ ਇਹ ਵੀ ਸਵਾਲ ਉਠਾਇਆ ਕਿ ਹਸਪਤਾਲ ਵਿੱਚ ਪੁਰਸ਼ ਲੈਬ ਟੈਕਨੀਸ਼ਨ ਮੌਜੂਦ ਹੋਣ ਦੇ ਬਾਵਜੂਦ ਸੈਂਪਲ ਲੈਣ ਲਈ ਮਹਿਲਾ ਕਰਮਚਾਰੀ ਦੀ ਡਿਊਟੀ ਕਿਉਂ ਲਗਾਈ ਗਈ। ਯਾਦਵਿੰਦਰ ਸਿੰਘ ਯਾਦੂ ਨੇ ਮੰਤਰੀ ਨੂੰ ਪੀਜੀਆਈ ਅਤੇ ਅੰਬਾਲਾ ਤੋਂ ਮੁੜ ਲਾਈਵ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਵੀ ਦਿੱਤੀ।
ਇਸ ਦੌਰਾਨ ਐੱਸਐੱਮਓ ਦੇ ਕਮਰੇ ਵਿੱਚ ਵੱਖ-ਵੱਖ ਸਿਆਸੀ ਆਗੂਆਂ ਵਿਚਾਲੇ ਤਿੱਖੀ ਬਹਿਸ ਹੋ ਗਈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚਣ ਦੀ ਸਥਿਤੀ ਬਣੀ। ਮੌਕੇ ’ਤੇ ਮੌਜੂਦ ਪੁਲਿਸ ਨੇ ਦਖ਼ਲ ਦੇ ਕੇ ਹਾਲਾਤ ਕਾਬੂ ਵਿੱਚ ਕੀਤੇ।
ਦੂਜੇ ਪਾਸੇ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਸਭ ਦੇ ਸਾਹਮਣੇ ਹੈ ਅਤੇ ਵਿਰੋਧੀ ਧਿਰ ਬਿਨਾਂ ਕਿਸੇ ਮੁੱਦੇ ਦੇ ਹੰਗਾਮਾ ਕਰ ਰਹੀ ਹੈ।
ਹੰਗਾਮੇ ਤੋਂ ਬਾਅਦ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਨੇ ਵੀ ਆਪਣੇ ਡੋਪ ਟੈਸਟ ਕਰਵਾਏ, ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ।
Get all latest content delivered to your email a few times a month.