ਤਾਜਾ ਖਬਰਾਂ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ 30 ਸਾਲਾ ਸਿੱਖ ਔਰਤ ਰਮਨ ਦੇਵੀ ਦੀ ਮੌਤ ਦੇ ਮਾਮਲੇ ਨੇ ਇਲਾਕੇ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਨੂੰ ਨਾਰੀ ਹੱਤਿਆ ਨਾਲ ਜੋੜਦਿਆਂ ਮ੍ਰਿਤਕਾ ਦੇ 41 ਸਾਲਾ ਪਤੀ ਮੈਂਡੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ’ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਮੁਤਾਬਕ ਇਹ ਘਟਨਾ 15 ਸਤੰਬਰ ਨੂੰ ਸਮਰਸਾਈਡ ਇਲਾਕੇ ਦੇ ਚੈਲਟਨ ਰੋਡ ਸਥਿਤ ਇੱਕ ਘਰ ਵਿੱਚ ਵਾਪਰੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਰਮਨ ਦੇਵੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਸਥਾਨਕ ਗੁਆਂਢੀਆਂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਰਮਨ ਦੇਵੀ ਦੀ ਮਾਂ ਦੋਵੇਂ ਬੱਚਿਆਂ ਨਾਲ ਘਰ ਤੋਂ ਬਾਹਰ ਆਈ ਸੀ। ਗੁਆਂਢੀ ਸੈਮ ਅਵਦੀ ਮੁਤਾਬਕ, ਬਜ਼ੁਰਗ ਔਰਤ ਬੇਹੱਦ ਪਰੇਸ਼ਾਨ ਸੀ ਅਤੇ ਉੱਚੀ ਆਵਾਜ਼ ਵਿੱਚ ਰੋ ਰਹੀ ਸੀ। ਉਸ ਨੇ ਕਿਹਾ ਕਿ ਲੰਡਨ ਵਿੱਚ ਕਰੀਬ 40 ਸਾਲ ਰਹਿਣ ਦੌਰਾਨ ਉਸ ਨੇ ਅਜਿਹਾ ਦੁਖਦਾਈ ਮੰਜ਼ਰ ਪਹਿਲਾਂ ਨਹੀਂ ਦੇਖਿਆ।
ਲੰਡਨ ਫ੍ਰੀ ਪ੍ਰੈੱਸ ਦੀ ਰਿਪੋਰਟ ਮੁਤਾਬਕ ਰਮਨ ਦੇਵੀ ਮਸਾਜ ਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਮੌਤ ਦੀ ਖ਼ਬਰ ਨਾਲ ਉਸ ਦੇ ਸਹਿਪਾਠੀਆਂ ਵਿੱਚ ਵੀ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ। ਸਹਿਪਾਠੀ ਸੈਂਡਰਾ ਸਾਂਚੇਜ਼ ਵੱਲੋਂ ਉਸ ਦੀ ਯਾਦ ਵਿੱਚ ਇੱਕ ਆਨਲਾਈਨ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।
ਸੈਂਡਰਾ ਨੇ ਰਮਨ ਦੇਵੀ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦੀ ਮੌਜੂਦਗੀ ਲੋਕਾਂ ਦੇ ਆਲੇ-ਦੁਆਲੇ ਖੁਸ਼ੀ ਅਤੇ ਪਿਆਰ ਲੈ ਕੇ ਆਉਂਦੀ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿੱਚ ਖਾਸ ਸਥਾਨ ਰੱਖੇਗੀ।
ਗੁਰਦੁਆਰਾ ਲੰਡਨ ਸਿੱਖ ਸੋਸਾਇਟੀ ਵੱਲੋਂ ਵੀ ਪਰਿਵਾਰ ਦੀ ਮਦਦ ਲਈ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਮਨ ਦੇਵੀ ਦੇ ਦੋ ਛੋਟੇ ਬੱਚਿਆਂ ਲਈ ਮਾਂ ਨੂੰ ਗੁਆਉਣਾ ਬਹੁਤ ਵੱਡਾ ਅਤੇ ਦਰਦਨਾਕ ਘਾਟਾ ਹੈ। ਫੰਡਰੇਜ਼ਰ ਰਾਹੀਂ ਲੋਕਾਂ ਨੂੰ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ’ਤੇ ਲੱਗੇ ਦੋਸ਼ ਅਦਾਲਤੀ ਕਾਰਵਾਈ ਦੇ ਅਧੀਨ ਹਨ।
Get all latest content delivered to your email a few times a month.