IMG-LOGO
ਹੋਮ ਪੰਜਾਬ: LPU 'ਚ ਗਰਲਜ਼ ਹੋਸਟਲ ਮਾਮਲੇ ਦੀਆਂ ਅਫਵਾਹਾਂ ਤੋਂ ਬਾਅਦ ਭਾਰੀ...

LPU 'ਚ ਗਰਲਜ਼ ਹੋਸਟਲ ਮਾਮਲੇ ਦੀਆਂ ਅਫਵਾਹਾਂ ਤੋਂ ਬਾਅਦ ਭਾਰੀ ਹੰਗਾਮਾ: ਵਿਦਿਆਰਥੀਆਂ ਵੱਲੋਂ ਤੋੜ-ਫੋੜ ਤੇ ਹਾਈਵੇਅ ਜਾਮ; ਪੁਲਿਸ ਨੇ ਲਿਆ ਜਾਇਜ਼ਾ

Admin User - Sep 27, 2026 10:02 AM
IMG

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਫਗਵਾੜਾ ਸਥਿਤ ਕੈਂਪਸ ਵਿੱਚ ਸ਼ਨੀਵਾਰ ਦੇਰ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਗਰਲਜ਼ ਹੋਸਟਲ ਨਾਲ ਜੁੜੀ ਇੱਕ ਖ਼ਬਰ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸੜਕਾਂ 'ਤੇ ਉਤਰ ਆਏ। ਸੋਸ਼ਲ ਮੀਡੀਆ 'ਤੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਅਤੇ ਉਸ ਤੋਂ ਬਾਅਦ ਖੁਦਕੁਸ਼ੀ ਕਰਨ ਵਰਗੀਆਂ ਗੰਭੀਰ ਖ਼ਬਰਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕੈਂਪਸ ਅਤੇ ਬਾਹਰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।


ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਯੂਨੀਵਰਸਿਟੀ ਦੇ ਹੀ ਇੱਕ ਵਰਕਰ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਵਲੋਂ ਇਨ੍ਹਾਂ ਸਾਰੇ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਇਸ ਪੂਰੇ ਮਾਮਲੇ ਨੂੰ ਅਫਵਾਹ ਦੱਸਿਆ ਜਾ ਰਿਹਾ ਹੈ।


ਘਟਨਾ ਦੇ ਵਿਰੋਧ 'ਚ ਇਕੱਠੇ ਹੋਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਕਈ ਵੀਡੀਓ ਵੀ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਪ੍ਰਦਰਸ਼ਨ ਦੌਰਾਨ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਕੈਂਪਸ ਦੇ ਅੰਦਰ ਕੁਝ ਥਾਵਾਂ 'ਤੇ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸ ਤੋਂ ਬਾਅਦ ਉਤੇਜਿਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਬਾਹਰੋਂ ਲੰਘਦੇ ਮੁੱਖ ਹਾਈਵੇਅ ਨੂੰ ਜਾਮ ਕਰ ਦਿੱਤਾ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।


ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਅਤੇ ਹੁਸ਼ਿਆਰਪੁਰ ਦੇ ਐਸ.ਐਸ.ਪੀ. ਸਮੇਤ ਸੀਨੀਅਰ ਪੁਲਿਸ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਮੌਕੇ 'ਤੇ ਪਹੁੰਚੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਫਵਾਹਾਂ ਕਾਰਨ ਵਿਦਿਆਰਥੀ ਗੁੰਮਰਾਹ ਹੋ ਕੇ ਇਕੱਠੇ ਹੋਏ ਸਨ।


ਪੁਲਿਸ ਨੇ ਮੁਸ਼ੱਕਤ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਦਿਆਰਥੀਆਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਕੁਝ ਅੰਦਰੂਨੀ ਮੁੱਦਿਆਂ 'ਤੇ ਮਤਭੇਦ ਚੱਲ ਰਹੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਯੋਗ ਹੱਲ ਕੱਢਣ ਲਈ ਸਹਿਯੋਗ ਕੀਤਾ ਜਾ ਰਿਹਾ ਹੈ। ਸੰਵੇਦਨਸ਼ੀਲ ਮਾਹੌਲ ਨੂੰ ਦੇਖਦੇ ਹੋਏ ਫਿਲਹਾਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.