ਤਾਜਾ ਖਬਰਾਂ
ਕਪੂਰਥਲਾ ਦੇ ਮਾਰਕਫੈੱਡ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਅਵਾਰਾ ਕੁੱਤੇ ਨੇ ਅਚਾਨਕ ਕਈ ਰਾਹਗੀਰਾਂ ’ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਕੁੱਤੇ ਨੇ 6 ਮਾਸੂਮ ਬੱਚਿਆਂ ਸਮੇਤ ਕਰੀਬ 15 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ।
ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ। ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਡਾਕਟਰ ਜਸ਼ਨ ਅਤੇ ਡਾਕਟਰ ਯੁਕਤਾ ਦੀ ਦੇਖ-ਰੇਖ ਹੇਠ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ। ਇਨ੍ਹਾਂ ਵਿੱਚ ਤਿੰਨ ਤੋਂ ਨੌਂ ਸਾਲ ਦੀ ਉਮਰ ਦੇ ਕਈ ਬੱਚੇ ਵੀ ਸ਼ਾਮਲ ਹਨ। ਡਾਕਟਰਾਂ ਵੱਲੋਂ ਲੋੜ ਮੁਤਾਬਕ ਮੁੱਢਲਾ ਇਲਾਜ ਕਰਨ ਦੇ ਨਾਲ ਰੇਬੀਜ਼ ਰੋਕੂ ਟੀਕੇ ਵੀ ਲਗਾਏ ਗਏ।
ਹਮਲੇ ਵਿੱਚ ਕਈ ਵੱਡੀ ਉਮਰ ਦੇ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਨੇ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਇੱਕ ਵਾਰ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਵੀ ਸਰਗਰਮ ਹੋ ਗਈ ਹੈ। ਐੱਸ.ਓ. ਤਰਲੋਚਨ ਸਿੰਘ ਮੁਤਾਬਕ ਕੁੱਤੇ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਮੌਕੇ ’ਤੇ ਭੇਜੀ ਗਈ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਇਲਾਕੇ ਵਿੱਚ ਹੋਰ ਕਿਸੇ ਵਿਅਕਤੀ ਨੂੰ ਨੁਕਸਾਨ ਨਾ ਪਹੁੰਚੇ।
Get all latest content delivered to your email a few times a month.