ਤਾਜਾ ਖਬਰਾਂ
ਮਾਲਵਾ ਖੇਤਰ ਵਿੱਚ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਫ਼ਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਅਪਰਾਧੀਆਂ ਨੂੰ ਫੜਨ ਵਾਲੀ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਹੀ ਇੱਕ ਸੀਨੀਅਰ ਅਧਿਕਾਰੀ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਅਸਲੇ ਸਮੇਤ ਦਬੋਚ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 56 ਸਾਲਾ ਇੰਸਪੈਕਟਰ ਬਲਦੇਵ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 3.35 ਕਿਲੋਗ੍ਰਾਮ ਹੈਰੋਇਨ, 6 ਅਤਿ-ਆਧੁਨਿਕ ਪਿਸਤੌਲ, 4 ਮੈਗਜ਼ੀਨ, 17 ਜਿਊਂਦੇ ਕਾਰਤੂਸ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਘਟਨਾ ਸਮੇਂ ਵਰਤੀ ਜਾ ਰਹੀ i20 ਕਾਰ (PB05AC-6517) ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਘੱਲ ਖੁਰਦ ਥਾਣਾ ਪੁਲਿਸ ਨੂੰ ਇੱਕ ਪੁਖ਼ਤਾ ਗੁਪਤ ਸੂਚਨਾ ਮਿਲੀ ਸੀ ਕਿ ਇੰਸਪੈਕਟਰ ਬਲਦੇਵ ਸਿੰਘ ਆਪਣੀ ਨਿੱਜੀ ਕਾਰ ਵਿੱਚ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਲੈ ਕੇ ਲੰਘਣ ਵਾਲਾ ਹੈ। ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਫ਼ਿਰੋਜ਼ਪੁਰ-ਮੋਗਾ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ।
ਜਿਵੇਂ ਹੀ ਸ਼ੱਕੀ ਕਾਰ ਉੱਥੇ ਪਹੁੰਚੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ। ਕਾਰ ਚਲਾ ਰਹੇ ਇੰਸਪੈਕਟਰ ਨੇ ਆਪਣਾ ਅਹੁਦਾ ਦੱਸ ਕੇ ਤਲਾਸ਼ੀ ਤੋਂ ਬਚਣ ਲਈ ਪੁਲਿਸ ਟੀਮ 'ਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਭਾਗੀ ਕਾਰਵਾਈ ਦੀਆਂ ਧਮਕੀਆਂ ਵੀ ਦਿੱਤੀਆਂ। ਹਾਲਾਂਕਿ, ਨਾਕੇ 'ਤੇ ਤਾਇਨਾਤ ਟੀਮ ਨੇ ਮੁਲਜ਼ਮ ਦੇ ਦਬਾਅ 'ਚ ਆਏ ਬਿਨਾਂ ਗੱਡੀ ਦੀ ਬਾਰੀਕੀ ਨਾਲ ਤਲਾਸ਼ੀ ਲਈ, ਜਿਸ ਦੌਰਾਨ ਇਹ ਖ਼ੌਫ਼ਨਾਕ ਖੁਲਾਸਾ ਹੋਇਆ।
ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਘੱਲ ਖੁਰਦ ਵਿਖੇ ਐਨ.ਡੀ.ਪੀ.ਐਸ. (NDPS) ਐਕਟ ਦੀ ਧਾਰਾ 21 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐਸ.ਐਸ.ਪੀ. ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਮੁਲਜ਼ਮ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜ਼ਬਤ ਕੀਤੇ ਗਏ ਛੇ ਮੋਬਾਈਲ ਫੋਨਾਂ ਨੂੰ ਤਕਨੀਕੀ ਜਾਂਚ ਲਈ ਸਾਇਬਰ ਸੈੱਲ ਕੋਲ ભેਜ ਦਿੱਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿੱਥੋਂ ਆਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਪੁਲਿਸ ਹੁਣ ਇਹ ਵੀ ਪਤਾ ਲਗਾ ਰਹੀ ਹੈ ਕਿ ਖ਼ਾਕੀ ਦੀ ਆੜ ਵਿੱਚ ਇਹ ਅਧਿਕਾਰੀ ਕਿੰਨੇ ਸਮੇਂ ਤੋਂ ਇਸ ਕਾਲੇ ਧੰਦੇ ਨੂੰ ਅੰਜਾਮ ਦੇ ਰਿਹਾ ਸੀ।
Get all latest content delivered to your email a few times a month.