IMG-LOGO
ਹੋਮ ਪੰਜਾਬ: ਜਲੰਧਰ 'ਚ ਗੁਰਦੁਆਰਾ ਸਾਹਿਬ ਬਾਹਰ ਹਿੰਸਕ ਝੜਪ: ਪੁਲਿਸ ਦੀ ਢਿੱਲੀ...

ਜਲੰਧਰ 'ਚ ਗੁਰਦੁਆਰਾ ਸਾਹਿਬ ਬਾਹਰ ਹਿੰਸਕ ਝੜਪ: ਪੁਲਿਸ ਦੀ ਢਿੱਲੀ ਕਾਰਵਾਈ ਵਿਰੁੱਧ ਸਿੱਖ ਜਥੇਬੰਦੀਆਂ ਨੇ ਥਾਣੇ ਅੱਗੇ ਲਾਇਆ ਪੱਕਾ ਮੋਰਚਾ

Admin User - Sep 26, 2026 10:47 AM
IMG

ਜਲੰਧਰ : ਗੁਰਦੁਆਰਾ ਕਲਗੀਧਰ ਸਾਹਿਬ ਦੇ ਬਾਹਰ ਕੂੜਾ ਸੁੱਟਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਜਪ੍ਰਣਾਲੀ ਵਿਰੁੱਧ ਰੋਸ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ਤੋਂ ਨਾਰਾਜ਼ ਪੀੜਤ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਨੇ ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਅਨਿਸ਼ਚਿਤ ਸਮੇਂ ਲਈ ਪੱਕਾ ਮੋਰਚਾ ਲਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਥਾਣੇ ਅੱਗੇ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦਾ ਨਾਮ-ਸਿਮਰਨ ਕਰਦਿਆਂ ਪੁਲਿਸ ਪ੍ਰਸ਼ਾਸਨ ਦੀ ਕਥਿਤ ਪੱਖਪਾਤੀ ਨੀਤੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ।


ਮਾਮਲਾ ਬੀਤੀ 18 ਸਤੰਬਰ ਦਾ ਹੈ, ਜਦੋਂ ਗੁਰਦੁਆਰਾ ਸਾਹਿਬ ਤੋਂ ਨਿਤਨੇਮ ਕਰਕੇ ਬਾਹਰ ਆਏ ਪਰਿਵਾਰ ਦੇ ਬਜ਼ੁਰਗ ਨਾਲ ਕੂੜਾ ਸੁੱਟਣ ਨੂੰ ਲੈ ਕੇ ਤਕਰਾਰ ਹੋ ਗਈ ਸੀ। ਪੀੜਤ ਧਿਰ ਦਾ ਦੋਸ਼ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੜੇ ਨਾਲ ਸਬੰਧਤ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਘਰ ਦੀ ਬਜ਼ੁਰਗ ਔਰਤ ਦੇ ਸਿਰ 'ਚ ਲੋਹੇ ਦੀ ਰੌਡ ਲੱਗਣ ਕਾਰਨ ਸਾਢੇ ਤਿੰਨ ਇੰਚ ਡੂੰਘਾ ਜ਼ਖ਼ਮ ਹੋ ਗਿਆ ਅਤੇ ਹਸਪਤਾਲ 'ਚ 4 ਟਾਂਕੇ ਲਗਾਉਣੇ ਪਏ। ਦੋਸ਼ ਇਹ ਵੀ ਹੈ ਕਿ ਹਮਲਾਵਰਾਂ ਨੇ ਉਨ੍ਹਾਂ 'ਤੇ ਗੱਡੀ ਚੜ੍ਹਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ।


ਪੀੜਤ ਪਰਿਵਾਰ ਮੁਤਾਬਕ ਇਸ ਹਿੰਸਕ ਝੜਪ ਦੇ ਪਿੱਛੇ ਦੁਕਾਨ ਦੇ ਕਿਰਾਏ ਦਾ ਪੁਰਾਣਾ ਵਿਵਾਦ ਹੈ। ਪਰਿਵਾਰ ਨਿਯਮਿਤ ਕਿਰਾਇਆ ਦੇ ਰਿਹਾ ਹੈ, ਪਰ ਪ੍ਰਬੰਧਕਾਂ ਵੱਲੋਂ ਪੁਰਾਣੀ ਖ਼ੁੰਦਕ ਕੱਢੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੋਏ ਹਮਲੇ ਦਾ ਮਾਮਲਾ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।


ਪੀੜਤ ਪੱਖ ਦੇ ਵਕੀਲ ਐਡਵੋਕੇਟ ਸਾਹਿਲ ਨੇ ਦੋਸ਼ ਲਾਇਆ ਕਿ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰਦਿਆਂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗ਼ੈਰ-ਦਸਤਅੰਦਾਜ਼ੀ ਮਾਮਲਾ ਹੋਣ ਦੇ ਬਾਵਜੂਦ ਪੁਲਿਸ ਬਜ਼ੁਰਗ ਬਲਜੀਤ ਸਿੰਘ ਨੂੰ ਬਿਨਾਂ ਚੱਪਲਾਂ ਤੋਂ ਹੀ ਥਾਣੇ ਲੈ ਗਈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ।


ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨਾਂ ਦੀ ਮੋਹਲਤ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਪੱਖ ਜਾਂਚ ਕਰਕੇ ਹਮਲਾਵਰਾਂ ਵਿਰੁੱਧ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਪਰਚਾ ਦਰਜ ਨਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਰਿਕਾਰਡ 'ਤੇ ਨਾ ਲਿਆਂਦੀ ਗਈ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.