ਤਾਜਾ ਖਬਰਾਂ
ਪੰਜਾਬ ਪੁਲਿਸ ਦੀ ਵਰਦੀ ਪਾ ਕੇ ਨਸ਼ਾ ਕਰਨ ਵਾਲੇ ਤਿੰਨ ਨੌਜਵਾਨਾਂ ਦੇ ਮਾਮਲੇ ਵਿੱਚ ਢਿੱਲਮੱਠ ਵਰਤਣੀ ਥਾਣਾ ਡੇਹਲੋਂ ਦੇ ਐੱਸ.ਐੱਚ.ਓ. ਇੰਸਪੈਕਟਰ ਵਿਜੇ ਕੁਮਾਰ ਨੂੰ ਭਾਰੀ ਪੈ ਗਈ ਹੈ। ਮਾਮਲੇ 'ਚ ਕਾਰਵਾਈ ਦੌਰਾਨ ਕੀਤੀ ਗਈ ਦੇਰੀ ਅਤੇ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਥਾਣਾ ਮੁਖੀ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨਜ਼ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੰਸਪੈਕਟਰ ਖ਼ਿਲਾਫ਼ ਵਿਭਾਗੀ ਜਾਂਚ ਖੋਲ੍ਹਣ ਦੇ ਵੀ ਹੁਕਮ ਦਿੱਤੇ ਗਏ ਹਨ।
ਇਹ ਪੂਰੀ ਘਟਨਾ ਪਿੰਡ ਗੋਪਾਲਪੁਰ ਦੀ ਦਾਣਾ ਮੰਡੀ ਨੇੜੇ ਵਾਪਰੀ, ਜਿੱਥੇ ਇੱਕ ਖ਼ਾਲੀ ਪਲਾਟ ਵਿੱਚ ਬੈਠ ਕੇ ਤਿੰਨ ਨੌਜਵਾਨ ਕਥਿਤ ਤੌਰ 'ਤੇ 'ਚਿੱਟੇ' ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਲੋਗੋ ਵਾਲੀ ਟੀ-ਸ਼ਰਟ ਅਤੇ ਖ਼ਾਕੀ ਪੈਂਟ ਪਾਈ ਹੋਈ ਸੀ। ਮੌਕੇ ਤੋਂ ਲੰਘ ਰਹੇ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਦੀ ਨਜ਼ਰ ਜਦੋਂ ਇਨ੍ਹਾਂ 'ਤੇ ਪਈ ਤਾਂ ਉਨ੍ਹਾਂ ਇਨ੍ਹਾਂ ਨੂੰ ਦਬੋਚ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਇੱਕ ਨੌਜਵਾਨ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਛਿੱਤਰ-ਪਰੇਡ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਵਿੱਚ ਨੌਜਵਾਨ ਰਹਿਮ ਦੀ ਭੀਖ ਮੰਗਦੇ ਨਜ਼ਰ ਆ ਰਹੇ ਸਨ।
ਫੜੇ ਗਏ ਨੌਜਵਾਨਾਂ ਦੀ ਪਛਾਣ ਅਜੈ ਸ਼ਰਮਾ, ਆਕਾਸ਼ਦੀਪ ਅਤੇ ਗੁਰਕੀਰਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਇਹ ਨੌਜਵਾਨ ਪੁਲਿਸ ਵਿਭਾਗ ਦੇ ਕਰਮਚਾਰੀ ਨਹੀਂ ਹਨ, ਬਲਕਿ ਨਕਲੀ ਭੇਸ ਬਣਾ ਕੇ ਘੁੰਮ ਰਹੇ ਸਨ। ਮੌਕੇ ਤੋਂ ਲਾਈਟਰ, ਸਿਲਵਰ ਫ਼ੋਇਲ ਅਤੇ 10 ਰੁਪਏ ਦਾ ਮੁੜਿਆ ਹੋਇਆ ਨੋਟ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. (NDPS) ਐਕਟ ਦੀਆਂ ਧਾਰਾਵਾਂ 27, 61 ਅਤੇ 85 ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਅਨੁਸਾਰ ਵਿਭਾਗੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਲਾਪਰਵਾਹ ਅਧਿਕਾਰੀ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.