ਤਾਜਾ ਖਬਰਾਂ
ਬਾਲੀਵੁੱਡ ਦੇ ਦਿੱਗਜ ਅਤੇ ਨਾਮਵਰ ਚਰਿੱਤਰ ਅਦਾਕਾਰ ਮੁਸ਼ਤਾਕ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਉਹ 56 ਸਾਲਾਂ ਦੇ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਪਿਛਲੇ 15 ਦਿਨਾਂ ਤੋਂ ਇਲਾਜ ਅਧੀਨ ਰਹਿਣ ਤੋਂ ਬਾਅਦ ਉਨ੍ਹਾਂ ਨੇ ਅੰਤਿਮ ਸਾਹ ਲਏ।
ਅਦਾਕਾਰ ਦੇ ਪੁੱਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸਵੇਰੇ ਜੁਮੇ ਦੀ ਨਮਾਜ਼ ਤੋਂ ਪਹਿਲਾਂ ਮਾਡਲ ਟਾਊਨ ਸਥਿਤ ਆਪ੍ਰੇਟਿਵ ਹਾਊਸਿੰਗ ਸੁਸਾਇਟੀ ਵਿਖੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਵਾਏ ਜਾਣਗੇ, ਜਿਸ ਤੋਂ ਬਾਅਦ ਯਾਨੀ ਰੋਡ ਸਥਿਤ ਕਬਰਸਤਾਨ ਵਿੱਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਪਰਿਵਾਰਕ ਸੂਤਰਾਂ ਅਨੁਸਾਰ ਮੁਸ਼ਤਾਕ ਖ਼ਾਨ ਨੂੰ ਲਗਭਗ 5 ਸਾਲ ਪਹਿਲਾਂ ਕੈਂਸਰ ਹੋਣ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਹ ਠੀਕ ਵੀ ਹੋ ਗਏ ਸਨ। ਪਰ ਅੱਠ ਦਿਨ ਪਹਿਲਾਂ ਕੈਂਸਰ ਦੀ ਆਖਰੀ ਸਟੇਜ ਦੁਬਾਰਾ ਉੱਭਰ ਆਈ, ਜਿਸ ਕਾਰਨ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਭਰਤੀ ਕਰਵਾਉਣਾ ਪਿਆ।
ਫ਼ਿਲਮ ਇੰਡਸਟਰੀ ਵਿੱਚ ਇਸ ਖ਼ਬਰ ਨਾਲ ਗਮ ਦੀ ਲਹਿਰ ਦੌੜ ਗਈ ਹੈ। ਸੰਨੀ ਦਿਓਲ ਅਤੇ ਅਨੁਪਮ ਖੇਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉੱਥੇ ਹੀ ਅਦਾਕਾਰ ਰਾਜਪਾਲ ਯਾਦਵ ਨੇ ਦੱਸਿਆ ਕਿ ਉਹ ਦੇਹਾਂਤ ਤੋਂ ਮਹਿਜ਼ ਦੋ ਘੰਟੇ ਪਹਿਲਾਂ ਹੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲ ਕੇ ਆਏ ਸਨ।
ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਬੈਹਰ ਕਸਬੇ ਵਿੱਚ ਜਨਮੇ ਮੁਸ਼ਤਾਕ ਖ਼ਾਨ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ ਸੀ। ਸਾਲ 1980 'ਚ ਫ਼ਿਲਮ 'ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ' ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਵਾਲੇ ਮੁਸ਼ਤਾਕ ਖ਼ਾਨ ਨੇ ਚਾਰ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਵਿੱਚ 250 ਤੋਂ ਜ਼ਿਆਦਾ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
ਉਨ੍ਹਾਂ ਨੇ 90 ਦੇ ਦਹਾਕੇ ਦੀਆਂ ਸੁਪਰਹਿੱਟ ਫ਼ਿਲਮਾਂ ਜਿਵੇਂ 'ਆਸ਼ਿਕੀ', 'ਸੜਕ', 'ਸਾਥੀ', 'ਹਮ ਹੈਂ ਰਾਹੀ ਪਿਆਰ ਕੇ', 'ਕ੍ਰਾਂਤੀਵੀਰ', 'ਰਾਜਾ', 'ਮੇਜਰ ਸਾਹਿਬ' ਅਤੇ 'ਮਨ' ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਤੋਂ ਬਾਅਦ 'ਗਦਰ: ਏਕ ਪ੍ਰੇਮ ਕਥਾ', 'ਹੇਰਾ ਫੇਰੀ', 'ਮੁਝਸੇ ਸ਼ਾਦੀ ਕਰੋਗੀ', 'ਜੋੜੀ ਨੰ. 1' ਅਤੇ 'ਰਾਊਡੀ ਰਾਠੌਰ' ਵਰਗੀਆਂ ਫ਼ਿਲਮਾਂ 'ਚ ਉਨ੍ਹਾਂ ਦੇ ਸਪੋਰਟਿੰਗ ਰੋਲਜ਼ ਨੂੰ ਖੂਬ ਪਸੰਦ ਕੀਤਾ ਗਿਆ। ਸਾਲ 2007 'ਚ ਆਈ ਫ਼ਿਲਮ 'ਵੈਲਕਮ' ਵਿੱਚ ਮਜਨੂੰ ਭਾਈ ਦੇ ਚੇਲੇ 'ਬੱਲੂ' ਦੇ ਕਿਰਦਾਰ ਨੇ ਉਨ੍ਹਾਂ ਨੂੰ ਹਰ ਘਰ ਵਿੱਚ ਵੱਖਰੀ ਪਛਾਣ ਦਿਵਾਈ।
Get all latest content delivered to your email a few times a month.