ਤਾਜਾ ਖਬਰਾਂ
ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਇੱਕ ਚਰਚਿਤ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਦੀ ਜਾਨ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਹੁਣ ਹੋਰ ਤੇਜ਼ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਮਦਦ ਦੀ ਲਗਾਈ ਗੁਹਾਰ ਤੋਂ ਬਾਅਦ ਹੁਣ ਕੌਮਾਂਤਰੀ ਪੱਧਰ ਦੀਆਂ ਪ੍ਰਮੁੱਖ ਹਸਤੀਆਂ—ਰੈਸਲਰ 'ਦਿ ਗ੍ਰੇਟ ਖਲੀ', ਚਰਚਿਤ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇਸ ਗੰਭੀਰ ਮੁੱਦੇ 'ਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਨ੍ਹਾਂ ਸਖ਼ਸ਼ੀਅਤਾਂ ਦੇ ਸਮਰਥਨ ਨਾਲ ਪਰਿਵਾਰ ਦੀ ਕੇਂਦਰ ਸਰਕਾਰ ਤੋਂ ਮਦਦ ਮਿਲਣ ਦੀ ਆਸ ਹੋਰ ਪੱਕੀ ਹੋ ਗਈ ਹੈ।
ਮਾਮਲੇ ਬਾਰੇ 'ਦਿ ਗ੍ਰੇਟ ਖਲੀ' ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਬਲਜਿੰਦਰ ਸਿੰਘ ਨੂੰ ਧੋਖੇ ਨਾਲ ਇੱਕ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਕਿਸਤਾਨੀ ਨਾਗਰਿਕ ਨੇ ਆਪਣੇ ਬਿਮਾਰ ਪਿਤਾ ਦਾ ਵਾਸਤਾ ਦੇ ਕੇ ਬਲਜਿੰਦਰ ਨੂੰ ਭਾਵੁਕ ਕੀਤਾ ਅਤੇ ਦਵਾਈ ਦੇ ਬਹਾਨੇ ਨਸ਼ੀਲੇ ਪਦਾਰਥਾਂ ਦਾ ਪੈਕੇਟ ਫੜਾ ਦਿੱਤਾ। ਖਲੀ ਨੇ ਆਮ ਨਾਗਰਿਕਾਂ ਨੂੰ ਬਲਜਿੰਦਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਭਾਰਤ ਸਰਕਾਰ ਨੂੰ ਕੂਟਨੀਤਕ ਪੱਧਰ 'ਤੇ ਕਾਰਵਾਈ ਕਰਕੇ ਉਸ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਉਣ ਦੀ ਮੰਗ ਕੀਤੀ।
ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਵੀ ਵੀਡੀਓ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਭਾਵੇਂ ਉਹ ਕੇਸ ਦੇ ਸਾਰੇ ਕਾਨੂੰਨੀ ਪਹਿਲੂਆਂ ਤੋਂ ਜਾਣੂ ਨਹੀਂ ਹਨ, ਪਰ ਜੇਕਰ ਬਲਜਿੰਦਰ ਬੇਕਸੂਰ ਹੈ ਤਾਂ ਸਰਕਾਰ ਨੂੰ ਸਾਊਦੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰਾਈਵਰ ਦਾ ਪਰਿਵਾਰ ਬਹਤੁ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ, ਬਲਜਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਨੇ 21 ਸਤੰਬਰ ਨੂੰ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਇੱਕ ਮੰਗ-ਪੱਤਰ ਸੌਂਪਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਖੰਨਾ ਨੇ ਇਹ ਸ਼ਿਕਾਇਤ ਤੁਰੰਤ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਊਦੀ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕਰਕੇ ਮਨੁੱਖੀ ਆਧਾਰ 'ਤੇ ਬਲਜਿੰਦਰ ਦੀ ਸਜ਼ਾ ਮੁਆਫ਼ ਕਰਵਾਈ ਜਾਵੇ।
Get all latest content delivered to your email a few times a month.