IMG-LOGO
ਹੋਮ ਪੰਜਾਬ: ਗ੍ਰੇਟਰ ਨੋਇਡਾ ਵਿੱਚ ਭਿਆਨਕ ਸੜਕ ਹਾਦਸਾ: ਯਮੁਨਾ ਐਕਸਪ੍ਰੈਸਵੇਅ 'ਤੇ ਡਬਲ-ਡੈਕਰ...

ਗ੍ਰੇਟਰ ਨੋਇਡਾ ਵਿੱਚ ਭਿਆਨਕ ਸੜਕ ਹਾਦਸਾ: ਯਮੁਨਾ ਐਕਸਪ੍ਰੈਸਵੇਅ 'ਤੇ ਡਬਲ-ਡੈਕਰ ਬੱਸ ਨੂੰ ਲੱਗੀ ਅੱਗ, 9 ਯਾਤਰੀਆਂ ਦੀ ਮੌਤ

Admin User - Sep 24, 2026 11:34 AM
IMG

ਯਮੁਨਾ ਐਕਸਪ੍ਰੈਸਵੇਅ 'ਤੇ ਦਯਾਨਤਪੁਰ ਪਿੰਡ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨੋਇਡਾ ਤੋਂ ਮਹੋਬਾ ਜਾ ਰਹੀ ਇੱਕ ਨਿੱਜੀ ਡਬਲ-ਡੈਕਰ ਏਸੀ ਸਲੀਪਰ ਬੱਸ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ 9 ਯਾਤਰੀਆਂ ਦੀ ਦਮ ਘੁਟਣ ਅਤੇ ਝੁਲਸਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਬੱਸ ਵਿੱਚ ਲਗਭਗ 35 ਯਾਤਰੀ ਸਵਾਰ ਸਨ।


ਚਸ਼ਮਦੀਦਾਂ ਅਨੁਸਾਰ ਆਗਰਾ ਵੱਲ ਵੱਧ ਰਹੀ ਬੱਸ ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋਇਆ, ਜਿਸ ਨੂੰ ਦੇਖਦਿਆਂ ਡਰਾਈਵਰ ਨੇ ਮੁਸਤੈਦੀ ਦਿਖਾਉਂਦੇ ਹੋਏ ਬੱਸ ਨੂੰ ਐਕਸਪ੍ਰੈਸਵੇਅ ਦੇ ਕਿਨਾਰੇ ਰੋਕ ਦਿੱਤਾ। ਪਰ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਪੂਰੀ ਬੱਸ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ। ਸੰਘਣੇ ਕਾਲੇ ਧੂੰਏਂ ਕਾਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।


ਇੱਕ ਬਚੀ ਹੋਈ ਮਹਿਲਾ ਯਾਤਰੀ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ, "ਮੈਂ ਸੁੱਤੀ ਹੋਈ ਸੀ ਜਦੋਂ ਰੌਲਾ ਸੁਣ ਕੇ ਜਾਗੀ। ਚਾਰੇ ਪਾਸੇ ਇੰਨਾ ਧੂੰਆਂ ਸੀ ਕਿ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ। ਮੈਂ ਆਪਣਾ ਸਮਾਨ ਤੇ ਜੁੱਤੀਆਂ ਛੱਡ ਕੇ ਸਿਰਫ਼ ਫੋਨ ਫੜਿਆ ਅਤੇ ਬਾਹਰ ਵੱਲ ਭੱਜੀ। ਕਈ ਲੋਕ ਬੱਸ ਦੇ ਪਿਛਲੇ ਹਿੱਸੇ ਵਿੱਚ ਫਸੇ ਰਹਿ ਗਏ।"


ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਅਤੇ ਐਕਸਪ੍ਰੈਸਵੇਅ ਦੀ ਸੁਰੱਖਿਆ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਜਦਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।


ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਸੀਐਮਓ (CMO) ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਤੱਕ ਹਰ ਸੰਭਵ ਮਦਦ ਪਹੁੰਚਾਉਣ ਅਤੇ ਜ਼ਖਮੀਆਂ ਦੇ ਵਧੀਆ ਤੇ ਮੁਫ਼ਤ ਇਲਾਜ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਅਤੇ ਜਾਂਚ ਦੀ ਪਲ-ਪਲ ਦੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.