ਤਾਜਾ ਖਬਰਾਂ
ਨਵੀਂ ਦਿੱਲੀ 23 ਸਤੰਬਰ-
ਆਮ ਆਦਮੀ ਪਾਰਟੀ ਨੇ ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਵਿੱਚ ਦੇਸ਼ ਵਿੱਚ ਚੱਲ ਰਹੀ ਐਸਆਈਆਰ ਪ੍ਰਕਿਰਿਆ ਨੂੰ ਲੈ ਕੇ ਹੋਏ ਧਮਾਕੇਦਾਰ ਖੁਲਾਸੇ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੋਕਤੰਤਰ ਦੇ ਹੱਤਿਆਰੇ ਗਿਆਨੇਸ਼ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗਿਆਨੇਸ਼ ਕੁਮਾਰ ਅੱਜ ਦੇ ਵੋਟਰ ਅਤੇ ਅੱਜ ਦੇ ਭਾਰਤ ਦੇ ਗੱਦਾਰ ਹਨ ਅਤੇ ਸਿਰਫ਼ ਅੱਜ ਦੇ ਭਾਰਤ ਦੇ ਹੀ ਨਹੀਂ, ਬਲਕਿ ਗਿਆਨੇਸ਼ ਕੁਮਾਰ ਬਾਬਾ ਸਾਹਿਬ ਅੰਬੇਡਕਰ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਗਿਆਨੇਸ਼ ਕੁਮਾਰ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਮਹਾਤਮਾ ਗਾਂਧੀ, ਸਭ ਨਾਲ ਗੱਦਾਰੀ ਕਰ ਰਹੇ ਹਨ। ਇਹਨਾਂ ਮਹਾਨ ਸ਼ਖ਼ਸੀਅਤਾਂ ਨੇ ਲੜ ਕੇ ਅਤੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਦਿਵਾਇਆ ਸੀ, ਜਿਸ ਨੂੰ ਗਿਆਨੇਸ਼ ਕੁਮਾਰ ਨੇ ਭਾਜਪਾ ਦੇ ਹੱਕ ਅਤੇ ਦਬਾਅ ਵਿੱਚ ਵੇਚ ਦਿੱਤਾ ਹੈ।
ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਗਿਆਨੇਸ਼ ਕੁਮਾਰ ਦੇ ਸਾਥੀ ਚੋਣ ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਪ੍ਰਗਟਾਇਆ ਕਿ ਨਵੇਂ ਵੋਟਰ ਕਿਵੇਂ ਜੋੜੇ ਜਾਣਗੇ, ਵੋਟਰ ਸੂਚੀ ਵਿੱਚੋਂ ਨਾਂ ਕਿਵੇਂ ਕੱਟੇ ਜਾਣਗੇ ਅਤੇ ਵੋਟਰ ਸੂਚੀ 'ਤੇ ਕੰਟਰੋਲ ਕਿਸ ਦਾ ਹੋਵੇਗਾ। ਗਿਆਨੇਸ਼ ਕੁਮਾਰ ਜੋ ਕੁਝ ਕਰ ਰਹੇ ਸਨ, ਉਸ 'ਤੇ ਉਹਨਾਂ ਦੇ ਸਾਥੀਆਂ ਨੇ 14 ਵਾਰ ਇਤਰਾਜ਼ ਕੀਤਾ, ਪਰ ਭਾਜਪਾ ਦੇ ਚੱਕਰ ਵਿੱਚ ਗਿਆਨੇਸ਼ ਕੁਮਾਰ ਨੇ ਕਿਸੇ ਦੀ ਨਹੀਂ ਸੁਣੀ। ਜੇਕਰ ਗਿਆਨੇਸ਼ ਕੁਮਾਰ ਨੇ ਭਾਜਪਾ ਦੀ ਇੰਨੀ ਹੀ ਭਗਤੀ ਕਰਨੀ ਹੈ, ਤਾਂ ਉਹਨਾਂ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਅਤੇ ਨਰਿੰਦਰ ਮੋਦੀ ਜੀ ਦਾ ਇਲੈਕਸ਼ਨ ਸੈੱਲ ਜੁਆਇਨ ਕਰ ਲੈਣਾ ਚਾਹੀਦਾ ਹੈ ਅਤੇ ਉਸ ਦਾ ਚੀਫ਼ ਬਣ ਜਾਣਾ ਚਾਹੀਦਾ ਹੈ। ਗਿਆਨੇਸ਼ ਕੁਮਾਰ ਭਾਰਤ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਬਣ ਕੇ ਭਾਰਤ ਨੂੰ ਬਦਨਾਮ ਨਾ ਕਰਨ ਅਤੇ ਭਾਰਤ ਨਾਲ ਗੱਦਾਰੀ ਨਾ ਕਰਨ।
ਦੂਜੇ ਪਾਸੇ, ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਤੋਂ ਅਸੀਂ ਲੋਕ ਕਹਿ ਰਹੇ ਹਾਂ ਕਿ ਐੱਸਆਈਆਰ ਇੱਕ ਫ਼ਰਜ਼ੀ ਪ੍ਰਕਿਰਿਆ ਹੈ ਜੋ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ 'ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਚਲਾ ਰਹੇ ਹਨ। ਹੁਣ ਉਹ ਗੱਲ ਸੱਚ ਸਾਬਤ ਹੋ ਗਈ ਹੈ। ਹੁਣ ਸਵਾਲ ਸਿਰਫ਼ ਵਿਰੋਧੀ ਧਿਰ ਦੇ ਵਿਰੋਧ ਦਾ ਨਹੀਂ ਹੈ, ਬਲਕਿ ਗਿਆਨੇਸ਼ ਕੁਮਾਰ ਨਾਲ ਬੈਠੇ ਉਹਨਾਂ ਦੋ ਚੋਣ ਕਮਿਸ਼ਨਰਾਂ ਦੇ ਵਿਰੋਧ ਦਾ ਮਾਮਲਾ ਵੀ ਹੁਣ ਸਾਹਮਣੇ ਆ ਗਿਆ ਹੈ। ਉਹ ਚੋਣ ਕਮਿਸ਼ਨਰ ਵੀ ਉਹੀ ਗੱਲਾਂ ਕਰ ਰਹੇ ਹਨ ਜੋ ਅਸੀਂ ਚੁੱਕੀਆਂ ਸਨ। ਚੋਣ ਕਮਿਸ਼ਨ ਨੇ ਬੰਗਾਲ ਦੇ ਅੰਦਰ 27 ਲੱਖ ਵੋਟਰ ਉਡਾ ਦਿੱਤੇ ਤਾਂ ਉੱਥੇ ਚੋਣਾਂ ਦਾ ਮਤਲਬ ਕੀ ਬਚਿਆ? ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਅਗਲੀ ਵਾਰ ਵੋਟ ਪਾ ਦੇਣਾ। ਹੁਣ ਜਦੋਂ ਪੁੱਛਿਆ ਜਾ ਰਿਹਾ ਹੈ, ਤਾਂ ਚੋਣ ਕਮਿਸ਼ਨ ਕਹਿ ਰਿਹਾ ਹੈ ਕਿ 1 ਲੱਖ 26 ਹਜ਼ਾਰ ਮਾਮਲਿਆਂ ਦੀ ਸੁਣਵਾਈ ਹੋਈ, ਜਿਸ ਵਿੱਚੋਂ 93 ਫ਼ੀਸਦੀ ਠੀਕ ਪਾਏ ਗਏ। ਇਸ ਦਾ ਮਤਲਬ ਹੈ ਕਿ ਗਿਆਨੇਸ਼ ਕੁਮਾਰ ਨੇ ਜਾਣਬੁੱਝ ਕੇ ਵੋਟਾਂ ਕੱਟਣ ਦਾ ਅਪਰਾਧ ਕੀਤਾ ਹੈ, ਇਸ ਲਈ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।]
ਸੰਜੇ ਸਿੰਘ ਨੇ ਅੱਗੇ ਕਿਹਾ ਕਿ ਬੰਗਾਲ, ਦਿੱਲੀ, ਹਰਿਆਣਾ, ਮਹਾਰਾਸ਼ਟਰ ਜਾਂ ਬਿਹਾਰ ਹੋਵੇ, ਜਿੱਥੇ-ਜਿੱਥੇ ਇਹ ਧੋਖਾਧੜੀ ਹੋਈ ਹੈ, ਉੱਥੇ ਸਾਰੀਆਂ ਚੋਣਾਂ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਚੋਣ ਕਮਿਸ਼ਨ ਨੇ ਦਿੱਲੀ ਦੇ ਅੰਦਰ ਅਰਵਿੰਦ ਕੇਜਰੀਵਾਲ ਦੇ ਹਲਕੇ ਨਵੀਂ ਦਿੱਲੀ ਵਿੱਚ 40 ਹਜ਼ਾਰ ਵੋਟਾਂ ਕੱਟ ਦਿੱਤੀਆਂ, ਜਿਸ ਨਾਲ ਕੇਜਰੀਵਾਲ 3 ਤੋਂ 3.5 ਹਜ਼ਾਰ ਵੋਟਾਂ ਨਾਲ ਚੋਣ ਹਾਰ ਗਏ। ਇਸ ਦਾ ਮਤਲਬ ਤਾਂ ਫਿਰ ਕੋਈ ਚੋਣ ਬਚੀ ਹੀ ਨਹੀਂ। ਇਵੇਂ ਹੀ ਦਿੱਲੀ ਵਿੱਚ ਨਿਸ਼ਾਨਾ ਬਣਾ ਕੇ ਚੋਣ ਕਮਿਸ਼ਨ ਨੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿੱਚ ਵੋਟਾਂ ਕੱਟ ਦਿੱਤੀਆਂ। ਅਜੇ ਚੋਣ ਕਮਿਸ਼ਨ ਨੇ ਦਿੱਲੀ ਵਿੱਚ 47 ਲੱਖ ਵੋਟਾਂ ਉਡਾ ਦਿੱਤੀਆਂ, ਕੀ ਦਿੱਲੀ ਵਿੱਚ ਹਰ ਤੀਜਾ ਵੋਟਰ ਫ਼ਰਜ਼ੀ ਹੈ?
ਸੰਜੇ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਨੋਟਿਸ ਭੇਜ ਦਿੱਤਾ। ਕਪਿਲ ਸਿਬਲ ਚੋਣ ਲੜ ਚੁੱਕੇ ਹਨ, ਉਹਨਾਂ ਨੂੰ ਨੋਟਿਸ ਭੇਜ ਦਿੱਤਾ। ਫ਼ੌਜ ਦੇ ਸਾਬਕਾ ਮੁਖੀ ਨੂੰ ਨੋਟਿਸ ਭੇਜ ਦਿੱਤਾ। ਅਰਵਿੰਦ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਨੋਟਿਸ ਭੇਜ ਦਿੱਤਾ। ਚੋਣ ਕਮਿਸ਼ਨ ਨੇ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ, ਖ਼ੁਦ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ, ਵਿਦੇਸ਼ ਮੰਤਰੀ ਅਤੇ ਵਿਦੇਸ਼ ਸਕੱਤਰ ਨੂੰ ਵੀ ਨੋਟਿਸ ਭੇਜ ਦਿੱਤਾ। ਗਿਆਨੇਸ਼ ਕੁਮਾਰ ਦੀ ਇਹ ਕਿਹੜੀ ਪ੍ਰਕਿਰਿਆ ਹੈ ਅਤੇ ਇਹ ਕਿਹੜਾ ਗੰਭੀਰ ਮੁੜ-ਨਿਰੀਖਣ ਚੱਲ ਰਿਹਾ ਹੈ, ਇਹ ਤਾਂ ਸਿੱਧੇ ਤੌਰ 'ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਗਿਆਨੇਸ਼ ਕੁਮਾਰ ਚੋਣਾਂ ਲੁੱਟਣ ਦੇ ਸਭ ਤੋਂ ਵੱਡੇ ਅਪਰਾਧੀ ਹਨ। ਇਹਨਾਂ ਨੇ ਮੋਦੀ ਜੀ ਨਾਲ ਮਿਲ ਕੇ ਦੇਸ਼ ਭਰ ਦੀਆਂ ਚੋਣਾਂ ਲੁੱਟੀਆਂ ਹਨ, ਇਸ ਲਈ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਪਾਉਣਾ ਚਾਹੀਦਾ ਹੈ। ਗਿਆਨੇਸ਼ ਕੁਮਾਰ ਦੀ ਦੇਖ-ਰੇਖ ਵਿੱਚ ਦੇਸ਼ ਭਰ ਵਿੱਚ ਹੁਣ ਤੱਕ ਜੋ ਵੀ ਚੋਣਾਂ ਨੇਪਰੇ ਚੜ੍ਹਿਆਂ ਹਨ ਅਤੇ ਜਿੱਥੇ-ਜਿੱਥੇ ਲੁੱਟ ਹੋਈ ਹੈ, ਉਹ ਸਾਰੀਆਂ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ।
ਉੱਥੇ ਹੀ, "ਆਪ" ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨਾਲ ਮੇਰੀ ਦੋ ਵਾਰ ਮੁਲਾਕਾਤ ਹੋਈ ਹੈ। ਇੱਕ ਵਾਰ ਅਸੀਂ ਲੋਕ ਏਅਰਪੋਰਟ ਦੇ ਲਾਊਂਜ ਵਿੱਚ ਇਕੱਠੇ ਸੀ ਅਤੇ ਜਿੰਨੀ ਮੈਂ ਗੱਲ ਕੀਤੀ ਸੀ, ਉਸ ਵੇਲੇ ਗਿਆਨੇਸ਼ ਕੁਮਾਰ ਕੋਆਪ੍ਰੇਟਿਵ ਵਿਭਾਗ ਵਿੱਚ ਸਨ ਅਤੇ ਪੂਰੀ ਤਰ੍ਹਾਂ ਸਰਕਾਰ ਦੇ ਚਮਚੇ ਸਨ। ਗੱਲਬਾਤ ਕਰਕੇ ਮੈਨੂੰ ਇੰਨਾ ਸਮਝ ਆ ਗਿਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ 'ਹਾਂ ਵਿੱਚ ਹਾਂ ਮਿਲਾਉਣ ਵਾਲੇ' ਬੰਦੇ ਨੂੰ ਇਲੈਕਸ਼ਨ ਕਮਿਸ਼ਨਰ ਬਣਾ ਦਿੱਤਾ। ਇਸ ਵਿੱਚ ਗ਼ਲਤੀ ਸੁਪਰੀਮ ਕੋਰਟ ਦੀ ਹੈ, ਕਿਉਂਕਿ ਸੁਪਰੀਮ ਕੋਰਟ ਨੂੰ ਉਸ ਵੇਲੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਕਹਿਣਾ ਚਾਹੀਦਾ ਸੀ ਕਿ ਸਰਕਾਰ ਕਿਵੇਂ ਤੈਅ ਕਰੇਗੀ ਕਿ ਕੌਣ ਇਲੈਕਸ਼ਨ ਕਮਿਸ਼ਨਰ ਬਣੇਗਾ। ਇਹ ਤਾਂ ਇੱਕ ਬਹੁਤ ਹੀ ਨਿਰਪੱਖ ਤਰੀਕੇ ਨਾਲ ਤੈਅ ਹੋਣਾ ਚਾਹੀਦਾ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਐੱਸਆਈਆਰ ਦੀ ਜੋ ਪੂਰੀ ਦੀ ਪੂਰੀ ਪ੍ਰਕਿਰਿਆ ਹੋ ਰਹੀ ਹੈ, ਇਸ ਵਿੱਚ ਸ਼ਰੇਆਮ ਧਾਂਦਲੀ ਹੋ ਰਹੀ ਹੈ। ਚੋਣ ਕਮਿਸ਼ਨ ਨੇ ਇੱਕ-ਚੌਥਾਈ ਤੋਂ ਵੱਧ (ਇੱਕ-ਤੀਹਾਈ) ਲੋਕਾਂ ਨੂੰ ਵੋਟ ਤੋਂ ਹੀ ਵਾਂਝਾ ਕਰਕੇ ਖ਼ਤਮ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਪੂਰੇ ਦੇਸ਼ ਵਿੱਚ 13 ਕਰੋੜ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਹਨ ਅਤੇ ਇਹ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ। ਕੋਈ ਚੋਣ ਕਮਿਸ਼ਨ ਤੋਂ ਸਵਾਲ ਨਹੀਂ ਪੁੱਛ ਸਕਦਾ ਅਤੇ ਜੇਕਰ ਲੋਕ ਅਦਾਲਤ ਵਿੱਚ ਵੀ ਜਾਂਦੇ ਹਨ, ਤਾਂ ਉੱਥੋਂ ਵੀ ਕੋਈ ਰਾਹਤ ਨਹੀਂ ਮਿਲਦੀ। ਮੈਨੂੰ ਲੱਗਦਾ ਹੈ ਕਿ ਹੁਣ ਦੇਸ਼ ਦੀ ਜਨਤਾ ਨੂੰ ਸੜਕ 'ਤੇ ਉੱਤਰਨਾ ਪਵੇਗਾ। ਜਦੋਂ ਤੱਕ ਦੇਸ਼ ਦੀ ਜਨਤਾ ਸੜਕ 'ਤੇ ਨਹੀਂ ਉੱਤਰੇਗੀ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਆਪਣੇ ਛੋਟੇ-ਛੋਟੇ ਝਗੜੇ ਭੁੱਲ ਕੇ ਇਕੱਠੀਆਂ ਨਹੀਂ ਆਉਣਗੀਆਂ, ਉਦੋਂ ਤੱਕ ਇਸ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਜੇਲ੍ਹ ਨਹੀਂ ਭੇਜ ਸਕਾਂਗੇ।
ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਗਿਆਨੇਸ਼ ਕੁਮਾਰ ਨੂੰ ਜੇਲ੍ਹ ਨਹੀਂ ਭੇਜਿਆ ਗਿਆ, ਤਾਂ ਇਹ ਦੇਸ਼ ਛੱਡ ਕੇ ਭੱਜ ਜਾਵੇਗਾ। ਇਸ ਲਈ ਸਭ ਨੂੰ ਇਕੱਠੇ ਆਉਣਾ ਹੈ ਅਤੇ ਇਸ ਨੂੰ ਇੰਪੀਚ (ਮਹਾਦੋਸ਼) ਕਰਵਾਉਣਾ ਚਾਹੀਦਾ ਹੈ। ਗਿਆਨੇਸ਼ ਕੁਮਾਰ ਦੁਆਰਾ ਕਰਵਾਈਆਂ ਗਈਆਂ ਜਿੰਨੀਆਂ ਵੀ ਚੋਣਾਂ ਹਨ, ਉਹਨਾਂ ਸਾਰੀਆਂ ਚੋਣਾਂ ਨੂੰ ਰੱਦ ਕਰਵਾਉਣਾ ਚਾਹੀਦਾ ਹੈ ਅਤੇ ਇਸ ਲੜਾਈ ਵਿੱਚ ਸਭ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।
ਦੂਜੇ ਪਾਸੇ, "ਆਪ" ਗੁਜਰਾਤ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਦੀ ਨਿਰਪੱਖਤਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਦੇਸ਼ ਭਰ ਦੀਆਂ ਚੋਣਾਂ ਲੁੱਟਣ ਦਾ ਇਹ ਅਪਰਾਧ ਅਣਬਖ਼ਸ਼ਣਯੋਗ ਹੈ। ਦਿੱਲੀ, ਹਰਿਆਣਾ, ਮਹਾਰਾਸ਼ਟਰ, ਬਿਹਾਰ ਅਤੇ ਬੰਗਾਲ ਵਿੱਚ ਧੋਖੇ ਨਾਲ ਹਾਸਲ ਕੀਤੀਆਂ ਗਈਆਂ ਇਹਨਾਂ ਜਿੱਤਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਮੋਦੀ ਜੀ ਦੀ ਇਹ ਜਿੱਤ ਲੋਕ-ਸਮਰਥਨ ਨਾਲ ਨਹੀਂ, ਬਲਕਿ ਤੰਤਰ ਦੀ ਲੁੱਟ ਨਾਲ ਆਈ ਹੈ। ਅਜਿਹੇ ਅਧਿਕਾਰੀਆਂ ਨੂੰ ਤੁਰੰਤ ਸਲਾਖ਼ਾਂ ਪਿੱਛੇ ਭੇਜਿਆ ਜਾਵੇ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਐਕਸ 'ਤੇ ਕਿਹਾ ਕਿ ਹੁਣ ਇਹ ਸਬੂਤਾਂ ਦੇ ਨਾਲ ਸਭ ਦੇ ਸਾਹਮਣੇ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਭਾਜਪਾ ਦੀ ਕੱਠਪੁਤਲੀ ਹੈ। ਜੇਕਰ ਗਿਆਨੇਸ਼ ਕੁਮਾਰ ਵਿੱਚ ਥੋੜ੍ਹੀ ਜਿਹੀ ਵੀ ਸ਼ਰਮ ਹੈ ਤਾਂ ਉਸ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅਤੇ ਜੇਕਰ ਸ਼ਰਮ ਨਹੀਂ ਹੈ ਤਾਂ ਇਸ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਹ ਲੋਕਤੰਤਰ ਦੀ ਸ਼ਰੇਆਮ ਲੁੱਟ ਹੈ।
Get all latest content delivered to your email a few times a month.